ਜ਼ੀਰਕਪੁਰ: ਜ਼ੀਰਕਪੁਰ ‘ਚ ਲੋਕਾਂ ਲਈ ਪ੍ਰਾਪਰਟੀ ਦੀ ਰਜਿਸਟਰੀ ਕਰਵਾਉਣੀ ਹੁਣ ਸੌਖੀ ਹੋ ਗਈ ਹੈ ਕਿਉਂਕਿ ਰਜਿਸਟਰੀ ਕਰਵਾਉਣ ਲਈ ਜਿਹੜੇ ਸਰਕਾਰੀ ਦਸਤਾਵੇਜ਼ ਲੈਣ ਲਈ ਫਰਦ ਕੇਂਦਰ ‘ਤੇ ਨਿਰਭਰ ਰਹਿਣਾ ਪੈਂਦਾ ਸੀ, ਉਹ ਸਰਕਾਰੀ ਦਸਤਾਵੇਜ਼ ਹੁਣ ਵਿਅਕਤੀ ਆਪਣੇ ਘਰ ਬੈਠ ਕੇ ਆਨਲਾਈਨ ਤਕਨੀਕ ਨਾਲ ਕੱਢ ਸਕੇਗਾ। ਇਹ ਕਹਿਣਾ ਹੈ ਜ਼ੀਰਕਪੁਰ ਸਬ ਤਹਿਸੀਲ ਦੇ ਜੁਆਇੰਟ ਸਬ ਰਜਿਸਟਰਾਰ ਛਤਰਪਾਲ ਸਿੰਘ ਦਾ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਪ੍ਰਾਪਰਟੀ ਦੀ ਰਜਿਸਟ੍ਰੇਸ਼ਨ ਕਰਵਾਉਣ ‘ਚ ਜ਼ਮੀਨ ਦੇ ਅਸਲ ਮਾਲਕ ਦੀ ਜਾਣਕਾਰੀ ਲੈਣ ਲਈ ਮਾਲ ਵਿਭਾਗ ਦੇ ਫਰਦ ਕੇਂਦਰ ਜਾ ਕੇ ਜ਼ਰੂਰੀ ਕਾਗਜ਼ ਕੱਢਵਾਉਣ ਦੀ ਲੋੜ ਪੈਂਦੀ ਹੈ।
ਇਸ ਤੋਂ ਬਾਅਦ ਪ੍ਰਾਪਰਟੀ ਦੀ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਨੂੰ ਪੂਰਾ ਮੰਨਿਆ ਜਾਂਦਾ ਹੈ। ਜੇਕਰ ਇਹ ਦਸਤਾਵੇਜ਼ ਕਿਸੇ ਕਾਰਨ ਨਾ ਮਿਲ ਸਕਣ ਤਾਂ ਅਧਿਕਾਰੀਆਂ ਵਲੋਂ ਪ੍ਰਾਪਰਟੀ ਦੀ ਰਜਿਸਟ੍ਰੇਸ਼ਨ ਨੂੰ ਰੱਦ ਕਰ ਦਿੱਤਾ ਜਾਂਦਾ ਹੈ। ਦੱਸਣਯੋਗ ਹੈ ਕਿ 4 ਮਾਰਚ ਨੂੰ ਮੁੱਖ ਮੰਤਰੀ ਭਗਵੰਤ ਮਾਨ ਖ਼ੁਦ ਜ਼ੀਰਕਪੁਰ ਸਬ ਤਹਿਸੀਲ ‘ਚ ਆਏ ਸਨ, ਜਿਨ੍ਹਾਂ ਨੂੰ ਲੋਕਾਂ ਨੇ ਫਰਦ ਕੇਂਦਰਾਂ ਤੋਂ ਮਿਲਣ ਵਾਲੇ ਦਸਤਾਵੇਜ਼ਾਂ ਨੂੰ ਲੈ ਕੇ ਲੱਗਣ ਵਾਲੀਆਂ ਲੰਬੀਆਂ ਲਾਈਨਾਂ ਤੋਂ ਮੁਕਤੀ ਦਿਵਾਉਣ ਦੀ ਮੰਗ ਕੀਤੀ ਸੀ।