ਨੈਸ਼ਨਲ- ਕੇਂਦਰ ਸਰਕਾਰ ਦੀ ਨਿਯੁਕਤੀ ਕਮੇਟੀ ਵੱਲੋਂ ਜਾਰੀ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ, “ਕੈਬਨਿਟ ਦੀ ਨਿਯੁਕਤੀ ਕਮੇਟੀ ਨੇ ਸ਼ਕਤੀਕਾਂਤ ਦਾਸ, ਆਈਏਐੱਸ (ਸੇਵਾਮੁਕਤ) (ਟੀਐੱਨ:80) ਨੂੰ ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ-2 ਵਜੋਂ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਨਿਯੁਕਤੀ ਉਸ ਮਿਤੀ ਤੋਂ ਪ੍ਰਭਾਵੀ ਹੋਵੇਗੀ ਜਦੋਂ ਉਹ ਅਹੁਦਾ ਸੰਭਾਲਣਗੇ। ਉਨ੍ਹਾਂ ਦੀ ਨਿਯੁਕਤੀ ਪ੍ਰਧਾਨ ਮੰਤਰੀ ਦੇ ਕਾਰਜਕਾਲ ਦੇ ਨਾਲ ਜਾਂ ਅਗਲੇ ਹੁਕਮਾਂ ਤੱਕ ਜਾਰੀ ਰਹੇਗੀ।”
67 ਸਾਲਾ ਸ਼ਕਤੀਕਾਂਤ ਦਾਸ, ਜੋ ਕਿ ਓਡੀਸ਼ਾ ਦੀ ਰਾਜਧਾਨੀ ਭੁਵਨੇਸ਼ਵਰ ਦੇ ਰਹਿਣ ਵਾਲੇ ਹਨ, ਤਾਮਿਲਨਾਡੂ ਕੇਡਰ ਦੇ 1980 ਬੈਚ ਦੇ ਆਈਏਐੱਸ ਅਧਿਕਾਰੀ ਹਨ। ਆਪਣੇ ਕਰੀਅਰ ਦੌਰਾਨ ਉਨ੍ਹਾਂ ਨੇ ਕੇਂਦਰ ਅਤੇ ਤਾਮਿਲਨਾਡੂ ਸਰਕਾਰਾਂ ਲਈ ਵੱਖ-ਵੱਖ ਅਹੁਦਿਆਂ ‘ਤੇ ਕੰਮ ਕੀਤਾ ਹੈ। ਕੇਂਦਰ ਵਿੱਚ ਉਨ੍ਹਾਂ ਨੇ ਵੱਖ-ਵੱਖ ਪੜਾਵਾਂ ‘ਤੇ ਆਰਥਿਕ ਮਾਮਲਿਆਂ ਦੇ ਸਕੱਤਰ ਵਿੱਤ ਸਕੱਤਰ ਅਤੇ ਖਾਦ ਸਕੱਤਰ ਵਜੋਂ ਸੇਵਾ ਨਿਭਾਈ। ਉਹ ਦਿੱਲੀ ਦੇ ਮਸ਼ਹੂਰ ਸੇਂਟ ਸਟੀਫਨ ਕਾਲਜ ਦਾ ਵਿਦਿਆਰਥੀ ਰਹੇ ਹਨ।
ਦਸੰਬਰ 2018 ਵਿੱਚ ਸ਼ਕਤੀਕਾਂਤ ਦਾਸ ਨੂੰ ਹੈਰਾਨੀਜਨਕ ਤੌਰ ‘ਤੇ ਸਰਕਾਰ ਨੇ ਰਿਜ਼ਰਵ ਬੈਂਕ ਦਾ ਮੁਖੀ ਨਿਯੁਕਤ ਕੀਤਾ। ਉਨ੍ਹਾਂ ਨੇ ਉਰਜਿਤ ਪਟੇਲ ਦੀ ਥਾਂ ਲਈ, ਜਿਨ੍ਹਾਂ ਦੀ ਅਗਵਾਈ ਹੇਠ ਕੇਂਦਰ ਸਰਕਾਰ ਨੇ ਨੋਟਬੰਦੀ ਕੀਤੀ ਸੀ। ਉਰਜਿਤ ਪਟੇਲ ਨੇ ਬਾਅਦ ਵਿੱਚ ਕੁਝ ਕਰਜ਼ਾ ਨੀਤੀ ਵਿੱਚ ਬਦਲਾਅ ਦੀ ਮੰਗ ਦੇ ਵਿਰੋਧ ਵਿੱਚ ਕਥਿਤ ਤੌਰ ‘ਤੇ ਅਸਤੀਫਾ ਦੇ ਦਿੱਤਾ, ਜਿਸ ਤੋਂ ਬਾਅਦ ਸ਼ਕਤੀਕਾਂਤ ਦਾਸ ਨੂੰ ਉਨ੍ਹਾਂ ਦੀ ਥਾਂ ‘ਤੇ ਮੌਕਾ ਦਿੱਤਾ ਗਿਆ।