ਮੋਹਾਲੀ : ਮੋਹਾਲੀ ਦੇ ਪਿੰਡ ਸੋਹਾਣਾ ‘ਚ ਬੀਤੀ 21 ਦਸੰਬਰ ਨੂੰ 3 ਮੰਜ਼ਿਲਾ ਇਮਾਰਤ ਦੇ ਡਿੱਗਣ ਨਾਲ ਇਕ ਨੌਜਵਾਨ ਅਤੇ ਕੁੜੀ ਦੀ ਮੌਤ ਦੇ ਮਾਮਲੇ ਦੀ ਰਿਪੋਰਟ ਐੱਸ. ਡੀ. ਐੱਮ. ਵੱਲੋਂ ਤਿਆਰ ਕਰਕੇ ਡੀ. ਸੀ. ਨੂੰ ਸੌਂਪ ਦਿੱਤੀ ਗਈ ਹੈ। ਐੱਸ. ਡੀ. ਐੱਮ. ਨੇ ਕਰੀਬ 16 ਪੰਨਿਆਂ ਦੀ ਜਾਂਚ ਰਿਪੋਰਟ ਤਿਆਰ ਕਰਕੇ ਡੀ. ਸੀ ਆਸ਼ਿਕਾ ਜੈਨ ਨੂੰ ਸੌਂਪ ਦਿੱਤੀ ਹੈ। ਜਾਣਕਾਰਾਂ ਅਨੁਸਾਰ ਇਸ 16 ਪੰਨਿਆਂ ਦੀ ਜਾਂਚ ਰਿਪੋਰਟ ‘ਚ ਕਈ ਅਧਿਕਾਰੀਆਂ ਦੇ ਗੈਰ-ਜ਼ਿੰਮੇਵਾਰਾਨਾ ਰਵੱਈਏ ਦੀ ਗੱਲ ਸਾਹਮਣੇ ਆਈ ਹੈ। ਅਜਿਹੇ ‘ਚ ਇਨ੍ਹਾਂ ਅਧਿਕਾਰੀਆਂ ’ਤੇ ਗਾਜ਼ ਡਿੱਗਣਾ ਤਾਂ ਤੈਅ ਹੈ।
ਇਸ ਤੋਂ ਇਲਾਵਾ ਇਮਾਰਤ ਦੇ ਮਾਲਕਾਂ ਨੇ ਨਾਲ ਲੱਗਦੇ ਪਲਾਟ ‘ਤੇ ਬੇਸਮੈਂਟ ਖੋਦਣ ਲਈ ਕੋਈ ਇਜਾਜ਼ਤ ਨਹੀਂ ਲਈ ਸੀ, ਜਿਸ ਕਾਰਨ ਜ਼ਮੀਨ ਖ਼ਿਸਕ ਗਈ ਅਤੇ ਤਿੰਨ ਮੰਜ਼ਿਲਾ ਇਮਾਰਤ ਢਹਿ ਗਈ। ਐੱਸ. ਡੀ. ਐੱਮ. ਵੱਲੋਂ ਤਿਆਰ ਕੀਤੀ ਗਈ ਜਾਂਚ ਰਿਪੋਰਟ ‘ਚ ਇਹ ਵੀ ਗੱਲ ਸਾਹਮਣੇ ਆਈ ਕਿ ਨਗਰ ਨਿਗਮ ਦੇ ਅਧਿਕਾਰੀ ਨਿਯਮਾਂ ਨੂੰ ਲਾਗੂ ਕਰਨ ‘ਚ ਪੂਰੀ ਤਰ੍ਹਾਂ ਅਸਫ਼ਲ ਰਹੇ। ਜਾਂਚ ‘ਚ ਕਈ ਨਿਗਮ ਅਧਿਕਾਰੀਆਂ ਦੇ ਨਾਂ ਵੀ ਦੱਸੇ ਗਏ ਹਨ। ਜਿਨ੍ਹਾਂ ‘ਤੇ ਜਲਦੀ ਹੀ ਗਾਜ਼ ਡਿੱਗ ਸਕਦੀ ਹੈ ।
ਐੱਸ. ਡੀ. ਐੱਮ. ਵੱਲੋਂ ਤਿਆਰ ਕੀਤੀ ਗਈ ਰਿਪੋਰਟ ‘ਚ ਮਨੁੱਖੀ ਅਤੇ ਤਕਨੀਕੀ ਗਲਤੀਆਂ ਨੂੰ ਉਜਾਗਰ ਕੀਤਾ ਗਿਆ ਹੈ ਅਤੇ ਭਵਿੱਖ ‘ਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਾਵਧਾਨੀਆਂ ਵਰਤਣ ਦੀ ਲੋੜ ‘ਤੇ ਜ਼ੋਰ ਦਿੱਤਾ ਗਿਆ ਹੈ। ਰਿਪੋਰਟ ਦੇ ਅਨੁਸਾਰ ਇਮਾਰਤ ਦੇ ਮਾਲਕਾਂ ਨੇ ਬਿਨਾਂ ਇਜਾਜ਼ਤ ਦੇ ਨੇੜਲੇ ਪਲਾਟ ‘ਤੇ ਬੇਸਮੈਂਟ ਦੀ ਖੁਦਾਈ ਸ਼ੁਰੂ ਕਰ ਦਿੱਤੀ ਸੀ। ਸੋਹਾਣਾ ਪਿੰਡ ‘ਚ ਵੀ ਅਜਿਹੀਆਂ ਕਈ ਗੈਰ-ਕਾਨੂੰਨੀ ਉਸਾਰੀਆਂ ਸਾਹਮਣੇ ਆਈਆਂ ਹਨ। ਦੱਸ ਦੇਈਏ ਕਿ ਢਹਿ ਗਈ ਇਮਾਰਤ ਤਿੰਨ ਮੰਜ਼ਿਲਾ ਸੀ। ਬੇਸਮੈਂਟ, ਗਰਾਊਂਡ ਫਲੋਰ ‘ਚ ਇੱਕ ਜਿੰਮ ਚੱਲ ਰਿਹਾ ਸੀ। ਪਹਿਲੀ ਮੰਜ਼ਿਲ ‘ਤੇ ਟਿਊਸ਼ਨ ਕਲਾਸਾਂ ਚਲਾਈਆਂ ਜਾਂਦੀਆਂ ਸਨ, ਜਦੋਂ ਕਿ ਉੱਪਰਲੀਆਂ ਮੰਜ਼ਿਲਾਂ ‘ਤੇ ਪੇਇੰਗ ਗੈਸਟ ਰੂਮ ਸਨ। ਇਸ ਹਾਦਸੇ ‘ਚ ਹਿਮਾਚਲ ਪ੍ਰਦੇਸ਼ ਦੀ ਦ੍ਰਿਸ਼ਟੀ ਵਰਮਾ (20) ਅਤੇ ਅੰਬਾਲਾ ਦੇ ਅਭਿਸ਼ੇਕ ਧਨਵਾਲ (30) ਦੀ ਮੌਤ ਹੋ ਗਈ ਸੀ।