ਜਲੰਧਰ : ਜਲੰਧਰ ਦੇ ਸੰਤੋਖਪੁਰਾ ਇਲਾਕੇ ਵਿਚ ਡਾਕਟਰ ਯਸ਼ਪਾਲ ਦੇ ਘਰ ਅਤੇ ਕਾਰ ‘ਤੇ ਹੋਈ ਫਾਇਰਿੰਗ ਦੇ ਮਾਮਲੇ ਵਿਚ ਪੁਲਸ ਨੇ ਵੱਡੀ ਸਫਲਤਾ ਹਾਸਲ ਕਰਦਿਆਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਪ੍ਰੈਸ ਕਾਨਫਰੰਸ ਦੌਰਾਨ ਇਸ ਗ੍ਰਿਫ਼ਤਾਰੀ ਦਾ ਖੁਲਾਸਾ ਕੀਤਾ। ਮੁਲਜ਼ਮਾਂ ਦੀ ਪਛਾਣ ਜਗਜੀਤ ਸਿੰਘ (ਪੁੱਤਰ ਦਲਜੀਤ ਸਿੰਘ) ਅਤੇ ਲਵਪ੍ਰੀਤ ਸਿੰਘ (ਪੁੱਤਰ ਕੁਲਵੰਤ ਸਿੰਘ) ਵਜੋਂ ਹੋਈ ਹੈ, ਜੋ ਕਿ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦੇ ਪਿੰਡ ਬਡਾਲਾ ਜੋਹਲ ਦੇ ਰਹਿਣ ਵਾਲੇ ਹਨ। ਪੁਲਸ ਜਾਂਚ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਮੁਲਜ਼ਮ ਜਗਜੀਤ ਸਿੰਘ ਖ਼ਿਲਾਫ਼ ਪਹਿਲਾਂ ਵੀ ਇਕ ਮਾਮਲਾ ਦਰਜ ਹੈ।
ਦੱਸਣਯੋਗ ਹੈ ਕਿ 28 ਫਰਵਰੀ ਦੀ ਰਾਤ ਕਰੀਬ 1:40 ਵਜੇ ਬਾਈਕ ਸਵਾਰ ਇਨ੍ਹਾਂ ਦੋਵਾਂ ਹਮਲਾਵਰਾਂ ਨੇ ਡਾਕਟਰ ਦੇ ਘਰ ਅਤੇ ਉਨ੍ਹਾਂ ਦੀ ਨਵੀਂ ਕਾਰ ‘ਤੇ 10 ਗੋਲੀਆਂ ਚਲਾਈਆਂ ਸਨ। ਵਾਰਦਾਤ ਸਮੇਂ ਮੁਲਜ਼ਮਾਂ ਦੇ ਮੋਟਰਸਾਈਕਲ ‘ਤੇ ਇਕ ਧਾਰਮਿਕ ਝੰਡਾ ਲੱਗਾ ਹੋਇਆ ਸੀ ਅਤੇ ਗੋਲੀਆਂ ਚਲਾਉਣ ਤੋਂ ਬਾਅਦ ਉਹ ਕਰਤਾਰਪੁਰ ਵੱਲ ਫਰਾਰ ਹੋ ਗਏ ਸਨ। ਪੁਲਸ ਨੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਕਾਰਵਾਈ ਕਰਦੇ ਹੋਏ ਇਨ੍ਹਾਂ ਨੂੰ ਦੇਰ ਰਾਤ ਕਾਬੂ ਕਰ ਲਿਆ।
ਪੁਲਸ ਨੇ ਮੁਲਜ਼ਮਾਂ ਦੇ ਕਬਜ਼ੇ ਵਿਚੋਂ ਦੋ ਪਿਸਤੌਲ (ਇਕ 30 ਬੋਰ ਅਤੇ ਇਕ 32 ਬੋਰ), ਮੈਗਜ਼ੀਨ ਅਤੇ ਵਾਰਦਾਤ ਵਿਚ ਵਰਤਿਆ ਗਿਆ ਸਪਲੈਂਡਰ ਮੋਟਰਸਾਈਕਲ ਬਰਾਮਦ ਕੀਤਾ ਹੈ। ਇਸ ਤੋਂ ਇਲਾਵਾ ਘਟਨਾ ਦੌਰਾਨ ਪਹਿਨੇ ਗਏ ਕੱਪੜੇ ਵੀ ਪੁਲਿਸ ਨੇ ਆਪਣੇ ਕਬਜ਼ੇ ਵਿਚ ਲੈ ਲਏ ਹਨ। ਮੁਲਜ਼ਮਾਂ ਖ਼ਿਲਾਫ਼ ਥਾਣਾ 8 ਵਿਚ ਬੀ.ਐੱਨ.ਐੱਸ. (BNS) ਦੀਆਂ ਸਬੰਧਤ ਧਾਰਾਵਾਂ ਅਤੇ ਅਸਲਾ ਐਕਟ ਤਹਿਤ ਐੱਫ.ਆਈ.ਆਰ. ਨੰਬਰ 55 ਦਰਜ ਕੀਤੀ ਗਈ ਹੈ। ਹੁਣ ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ, ਜਿੱਥੇ ਉਨ੍ਹਾਂ ਕੋਲੋਂ ਹੋਰ ਵਾਰਦਾਤਾਂ ਅਤੇ ਹਥਿਆਰਾਂ ਬਾਰੇ ਪੁੱਛਗਿੱਛ ਕੀਤੀ ਜਾਵੇਗੀ।

