ਨਵੀਂ ਦਿੱਲੀ : ਅੱਜ ਮਾਰਚ ਦੀ ਪਹਿਲੀ ਤਰੀਕ ਹੈ। ਇਸ ਮਿਤੀ ਤੋਂ ਪੈਟਰੋਲੀਅਮ ਕੰਪਨੀਆਂ ਜਿਵੇਂ ਇੰਡੀਅਨ ਆਇਲ (IOC), ਹਿੰਦੁਸਤਾਨ ਪੈਟਰੋਲੀਅਮ (HPCL) ਅਤੇ ਭਾਰਤ ਪੈਟਰੋਲੀਅਮ (BPCL) LPG ਗੈਸ ਸਿਲੰਡਰਾਂ ਦੀਆਂ ਕੀਮਤਾਂ ਦੀ ਸਮੀਖਿਆ ਕਰਦੀਆਂ ਹਨ। ਮਿਲੀ ਜਾਣਕਾਰੀ ਮੁਤਾਬਕ ਦੇਸ਼ ਦੀ ਸਭ ਤੋਂ ਵੱਡੀ ਪੈਟਰੋਲੀਅਮ ਕੰਪਨੀ ਇੰਡੀਅਨ ਆਇਲ ਨੇ ਅੱਜ ਤੋਂ ਕਮਰਸ਼ੀਅਲ ਗੈਸ ਸਿਲੰਡਰ ਯਾਨੀ 19 ਕਿਲੋ ਦੇ ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਵਾਧਾ ਕੀਤਾ ਹੈ। ਇਹ ਵਾਧਾ ਛੇ ਰੁਪਏ ਪ੍ਰਤੀ ਸਿਲੰਡਰ ਹੈ।
ਇੰਡੀਅਨ ਆਇਲ ਕਾਰਪੋਰੇਸ਼ਨ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਯਾਨੀ 1 ਮਾਰਚ 2025 ਤੋਂ 19 ਕਿਲੋ ਦੇ ਐਲਪੀਜੀ ਸਿਲੰਡਰ ਦੀ ਕੀਮਤ 1803 ਰੁਪਏ ਹੋ ਗਈ ਹੈ। ਇਸ ਤੋਂ ਪਹਿਲਾਂ ਭਾਵ ਪਿਛਲੇ ਫਰਵਰੀ ਮਹੀਨੇ ਇਸ ਦੀ ਕੀਮਤ 1797 ਰੁਪਏ ਸੀ। ਇਸ ਸਾਲ ਜਨਵਰੀ ਵਿੱਚ ਇਹ ਸਿਲੰਡਰ 1804 ਰੁਪਏ ਵਿੱਚ ਉਪਲਬਧ ਸੀ।
ਅੱਜ ਤੋਂ ਕੋਲਕਾਤਾ ਵਿੱਚ ਵਪਾਰਕ ਗੈਸ ਸਿਲੰਡਰ ਦੀ ਕੀਮਤ 1913 ਰੁਪਏ ਹੋ ਗਈ ਹੈ। ਪਹਿਲਾਂ ਇਸ ਦੀ ਕੀਮਤ 1907 ਰੁਪਏ ਸੀ। ਇਸੇ ਤਰ੍ਹਾਂ ਮੁੰਬਈ ਵਿੱਚ ਵਪਾਰਕ ਐਲਪੀਜੀ ਸਿਲੰਡਰ ਦੀ ਕੀਮਤ ਹੁਣ 1755.50 ਰੁਪਏ ਹੋ ਗਈ ਹੈ। ਪਿਛਲੀ ਫਰਵਰੀ ਵਿਚ ਇਹ 1749.50 ਰੁਪਏ ਸੀ।