ਲੰਡਨ: ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਅਰ ਸਟਾਰਮਰ ਦੀ ਸਰਕਾਰ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਉਨ੍ਹਾਂ ਦੇ ਚੀਫ਼ ਆਫ ਸਟਾਫ ਮੋਰਗਨ ਮੈਕਸਵੀਨੀ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਮੈਕਸਵੀਨੀ, ਜਿਨ੍ਹਾਂ ਨੂੰ 2024 ਦੀਆਂ ਆਮ ਚੋਣਾਂ ਵਿੱਚ ਲੇਬਰ ਪਾਰਟੀ ਦੀ ਸ਼ਾਨਦਾਰ ਜਿੱਤ ਦਾ ਰਣਨੀਤੀਕਾਰ ਮੰਨਿਆ ਜਾਂਦਾ ਹੈ, ਨੇ ਇਹ ਫੈਸਲਾ ਸਾਬਕਾ ਸੰਸਦ ਮੈਂਬਰ ਪੀਟਰ ਮੈਂਡਲਸਨ ਦੀ ਨਿਯੁਕਤੀ ਨੂੰ ਲੈ ਕੇ ਪੈਦਾ ਹੋਏ ਸਿਆਸੀ ਵਿਵਾਦ ਤੋਂ ਬਾਅਦ ਲਿਆ ਹੈ।
ਐਪਸਟੀਨ ਫਾਈਲਾਂ ਅਤੇ ਵਿਵਾਦ ਦੀ ਜੜ੍ਹ
ਇਹ ਅਸਤੀਫਾ ਬਦਨਾਮ ਜੈਫਰੀ ਐਪਸਟੀਨ ਨਾਲ ਜੁੜੀਆਂ ਫਾਈਲਾਂ ਦੇ ਨਵੇਂ ਖੁਲਾਸਿਆਂ ਤੋਂ ਬਾਅਦ ਆਇਆ ਹੈ। ਇਨ੍ਹਾਂ ਦਸਤਾਵੇਜ਼ਾਂ ਵਿੱਚ ਅਮਰੀਕਾ ਵਿੱਚ ਬ੍ਰਿਟੇਨ ਦੇ ਸਾਬਕਾ ਰਾਜਦੂਤ ਪੀਟਰ ਮੈਂਡਲਸਨ ਦੇ ਨਾਮ ਦਾ ਕਈ ਵਾਰ ਜ਼ਿਕਰ ਆਇਆ ਹੈ, ਜਿਸ ਕਾਰਨ ਬ੍ਰਿਟਿਸ਼ ਰਾਜਨੀਤੀ ਵਿੱਚ ਭੂਚਾਲ ਆ ਗਿਆ ਹੈ। ਮੈਂਡਲਸਨ ਨੂੰ ਪਿਛਲੇ ਸਾਲ ਸਤੰਬਰ ਵਿੱਚ ਉਸ ਸਮੇਂ ਬਰਖਾਸਤ ਕਰ ਦਿੱਤਾ ਗਿਆ ਸੀ ਜਦੋਂ ਐਪਸਟੀਨ ਨਾਲ ਉਨ੍ਹਾਂ ਦੇ ਸਬੰਧਾਂ ਦੀਆਂ ਈਮੇਲਾਂ ਸਾਹਮਣੇ ਆਈਆਂ ਸਨ। ਤਾਜ਼ਾ ਖੁਲਾਸਿਆਂ ਅਨੁਸਾਰ, ਮੈਂਡਲਸਨ ਦੇ ਸਬੰਧ ਐਪਸਟੀਨ ਦੀ 2008 ਦੀ ਸਜ਼ਾ ਤੋਂ ਬਾਅਦ ਵੀ ਜਾਰੀ ਰਹੇ ਸਨ।
ਆਪਣੇ ਅਸਤੀਫੇ ਵਿੱਚ ਮੈਕਸਵੀਨੀ ਨੇ ਮੰਨਿਆ ਕਿ ਉਨ੍ਹਾਂ ਨੇ ਹੀ ਪ੍ਰਧਾਨ ਮੰਤਰੀ ਨੂੰ ਮੈਂਡਲਸਨ ਦੀ ਨਿਯੁਕਤੀ ਦੀ ਸਲਾਹ ਦਿੱਤੀ ਸੀ, ਜਿਸ ਦਾ ਉਨ੍ਹਾਂ ਨੂੰ ਹੁਣ ਪਛਤਾਵਾ ਹੈ। ਉਨ੍ਹਾਂ ਕਿਹਾ, “ਪੀਟਰ ਮੈਂਡਲਸਨ ਨੂੰ ਨਿਯੁਕਤ ਕਰਨ ਦਾ ਫੈਸਲਾ ਗਲਤ ਸੀ। ਉਨ੍ਹਾਂ ਨੇ ਸਾਡੀ ਪਾਰਟੀ, ਦੇਸ਼ ਅਤੇ ਰਾਜਨੀਤੀ ਵਿੱਚ ਲੋਕਾਂ ਦੇ ਵਿਸ਼ਵਾਸ ਨੂੰ ਨੁਕਸਾਨ ਪਹੁੰਚਾਇਆ ਹੈ”।

