ਅੰਮ੍ਰਿਤਸਰ : ਭਾਜਪਾ ਵਿਧਾਇਕ ਕੰਗਨਾ ਰਣੌਤ ਵਲੋਂ ਪੰਜਾਬ ਅਤੇ ਪੰਜਾਬੀ ਨੌਜਵਾਨਾਂ ਦੇ ਨਸ਼ੇ ਵਿਚ ਲਿਪਤ ਹੋਣ ਸੰਬੰਧੀ ਦਿੱਤੇ ਬਿਆਨ ਤੋਂ ਬਾਅਦ ਮਾਹੌਲ ਇਕ ਵਾਰ ਫਿਰ ਭੱਖ ਗਿਆ ਹੈ। ਕੰਗਨਾ ਦੇ ਨਸ਼ੇ ਬਾਰੇ ਬਿਆਨ ਤੋਂ ਬਾਅਦ ਕਿਸਾਨ ਜਥੇਬੰਦੀਆਂ ਵੀ ਸਰਗਰਮ ਹੋ ਗਈਆਂ ਹਨ। ਕਿਸਾਨਾਂ ਨੇ ਕੰਗਨਾ ਦੇ ਬਿਆਨ ‘ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕੰਗਨਾ ਦੇ ਡੋਪ ਟੈਸਟ ਦੀ ਮੰਗ ਕੀਤੀ ਹੈ। ਪੰਧੇਰ ਨੇ ਕਿਹਾ ਕਿ ਪੰਜਾਬੀ ਨੌਜਵਾਨਾਂ ਨੂੰ ਚਿੱਟਾ ਕਰਨ ਵਾਲੇ ਅਤੇ ਸ਼ਰਾਬੀ ਦੱਸਣ ਵਾਲੀ ਕੰਗਨਾ ਰਣੌਤਾ ਦਾ ਪਹਿਲਾਂ ਖੁਦ ਡੋਪ ਟੈਸਟ ਹੋਣਾ ਚਾਹੀਦਾ ਹੈ। ਫਿਰ ਦੁਨੀਆ ਦੇ ਸਾਹਮਣੇ ਸੱਚ ਲਿਆਉਣਾ ਚਾਹੀਦਾ ਹੈ। ਪਤਾ ਲੱਗਣਾ ਚਾਹੀਦਾ ਹੈ ਕੰਗਨਾ ਦੀ ਖੁਦ ਦੀ ਸੱਚਾਈ ਕੀ ਹੈ।
ਕੰਗਨਾ ਨੇ ਹਿਮਾਚਲ ਪ੍ਰਦੇਸ਼ ਵਿਚ ਫ਼ੈਲੇ ਨਸ਼ੇ ਲਈ ਸਿੱਧੇ ਤੌਰ ‘ਤੇ ਨਾਂ ਲਏ ਬਗੈਰ ਪੰਜਾਬ ਨੂੰ ਕਸੂਰਵਾਰ ਦੱਸਿਆ ਸੀ। ਇਕ ਸਮਾਗਮ ਵਿਚ ਸੰਬੋਧਨ ਕਰਦਿਆਂ ਕੰਗਨਾ ਨੇ ਕਿਹਾ ਕਿ ਸਾਡੇ ਅੱਗੇ-ਪਿੱਛੇ ਦੇ ਸੂਬਿਆਂ ਤੋਂ ਨਵੀਆਂ-ਨਵੀਆਂ ਚੀਜ਼ਾਂ ਇੱਥੇ ਆਉਣ ਲੱਗ ਜਾਂਦੀਆਂ ਹਨ। ਭਾਵੇਂ ਚਿੱਟਾ ਹੋਵੇ, ਭਾਵੇਂ ਉਗਰਤਾ ਹੋਵੇ, ਭਾਵੇਂ ਕੁਝ ਵੀ ਹੋਵੇ, ਤੁਹਾਨੂੰ ਪਤਾ ਹੀ ਹੈ ਮੈਂ ਕਿਸ ਸੂਬੇ ਦੀ ਗੱਲ ਕਰ ਰਹੀ ਹਾਂ। ਇਨ੍ਹਾਂ ਦਾ ਸੁਭਾਅ ਬੜਾ ਗਰਮ ਹੁੰਦਾ ਹੈ ਤੇ ਬੜੇ ਹੁੱਲੜਬਾਜ਼ ਹੁੰਦੇ ਹਨ। ਇਹ ਨਸ਼ੇ ਕਰਦੇ ਹਨ, ਸ਼ਰਾਬਾਂ ਪੀਂਦੇ ਹਨ ਮੋਟਰਸਾਈਕਲਾਂ ‘ਤੇ ਹੁੱਲੜਬਾਜ਼ੀ ਕਰਦੇ ਹਨ। ਮੇਰੀ ਹਿਮਾਚਲ ਦੇ ਬੱਚਿਆਂ ਨੂੰ ਅਪੀਲ ਹੈ ਕਿ ਉਹ ਇਨ੍ਹਾਂ ਦੇ ਪ੍ਰਭਾਵ ਵਿਚ ਨਾ ਆਉਣ। ਅਸੀਂ ਇਨ੍ਹਾਂ ਤੋਂ ਕੁਝ ਨਹੀਂ ਸਿੱਖਣਾ। ਇਨ੍ਹਾਂ ਨੇ ਸਾਡੀ ਜਵਾਨੀ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ ਹੈ।