ਸ਼੍ਰੀਨਗਰ – ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਪਹਿਲਗਾਮ ਅੱਤਵਾਦੀ ਹਮਲੇ ਨੂੰ ਅੰਜਾਮ ਦੇਣ ਵਾਲੇ ਅੱਤਵਾਦੀਆਂ ਨੂੰ ਪਨਾਹ ਦੇਣ ਦੇ ਦੋਸ਼ ਵਿੱਚ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਵਿੱਚ 26 ਲੋਕਾਂ ਦੀ ਮੌਤ ਹੋ ਗਈ ਸੀ। ਸੰਘੀ ਏਜੰਸੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।
ਐੱਨ.ਆਈ.ਏ. ਅਨੁਸਾਰ, ਬਟਕੋਟ ਦੇ ਪਰਵੇਜ਼ ਅਹਿਮਦ ਜੋਥਰ ਅਤੇ ਪਹਿਲਗਾਮ ਦੇ ਹਿੱਲ ਪਾਰਕ ਦੇ ਬਸ਼ੀਰ ਅਹਿਮਦ ਜੋਥਰ ਨੇ ਹਮਲੇ ਵਿੱਚ ਸ਼ਾਮਲ 3 ਹਥਿਆਰਬੰਦ ਅੱਤਵਾਦੀਆਂ ਦੀ ਪਛਾਣ ਦਾ ਖੁਲਾਸਾ ਕੀਤਾ ਹੈ। ਐੱਨ.ਆਈ.ਏ. ਨੇ ਕਿਹਾ ਕਿ ਉਨ੍ਹਾਂ ਨੇ ਇਹ ਵੀ ਪੁਸ਼ਟੀ ਕੀਤੀ ਹੈ ਕਿ ਹਮਲਾਵਰ ਪਾਬੰਦੀਸ਼ੁਦਾ ਅੱਤਵਾਦੀ ਸਮੂਹ ਲਸ਼ਕਰ-ਏ-ਤੋਇਬਾ (ਐੱਲ.ਈ.ਟੀ.) ਨਾਲ ਜੁੜੇ ਪਾਕਿਸਤਾਨੀ ਨਾਗਰਿਕ ਹਨ।
ਐੱਨ.ਆਈ.ਏ. ਨੇ ਕਿਹਾ, “ਪਰਵੇਜ਼ ਅਤੇ ਬਸ਼ੀਰ ਨੇ ਹਮਲੇ ਤੋਂ ਪਹਿਲਾਂ ਹਿੱਲ ਪਾਰਕ ਵਿੱਚ ਇੱਕ ਝੌਂਪੜੀ ਵਿੱਚ 3 ਹਥਿਆਰਬੰਦ ਅੱਤਵਾਦੀਆਂ ਨੂੰ ਪਨਾਹ ਦਿੱਤੀ ਸੀ।” ਏਜੰਸੀ ਦੇ ਅਨੁਸਾਰ, ਦੋਵਾਂ ਵਿਅਕਤੀਆਂ ਨੇ ਅੱਤਵਾਦੀਆਂ ਨੂੰ ਭੋਜਨ, ਪਨਾਹ ਅਤੇ ਉਨ੍ਹਾਂ ਨੂੰ ਲਿਜਾਣ ਵਿਚ ਮਦਦ ਕੀਤੀ ਸੀ। ਇਨ੍ਹਾਂ ਅੱਤਵਾਦੀਆਂ ਨੇ 22 ਅਪ੍ਰੈਲ ਨੂੰ ਸੈਲਾਨੀਆਂ ਨੂੰ ਉਨ੍ਹਾਂ ਦਾ ਧਰਮ ਪੁੱਛਣ ਤੋਂ ਬਾਅਦ ਮਾਰ ਦਿੱਤਾ ਸੀ ਐੱਨ.ਆਈ.ਏ. ਨੇ ਦੋਵਾਂ ਨੂੰ ਗੈਰ-ਕਾਨੂੰਨੀ ਗਤੀਵਿਧੀ (ਰੋਕਥਾਮ) ਐਕਟ, 1967 ਦੀ ਧਾਰਾ 19 ਤਹਿਤ ਗ੍ਰਿਫ਼ਤਾਰ ਕੀਤਾ ਹੈ। ਏਜੰਸੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ।