ਨਵੀਂ ਦਿੱਲੀ : ਦਿੱਲੀ ਪੁਲਸ ਦੀ ਸਪੈਸ਼ਲ ਸੈੱਲ (ER/TYR) ਨੇ ਇੱਕ ਵੱਡੀ ਕਾਰਵਾਈ ਕਰਦਿਆਂ ਇੱਕ ਅੰਤਰਰਾਸ਼ਟਰੀ ਅਤੇ ਅੰਤਰਰਾਜੀ ਪਾਕਿਸਤਾਨ ਸਮਰਥਿਤ ਗੈਂਗਸਟਰ-ਤੋਂ-ਅੱਤਵਾਦੀ (gangster-to-terror) ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ ਅਤੇ ਤਿੰਨ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਦੱਸਿਆ ਕਿ ਇਸ ਮਾਡਿਊਲ ਦੇ ਤਾਰ ਪਾਕਿਸਤਾਨੀ ਖੁਫੀਆ ਏਜੰਸੀ ISI ਨਾਲ ਜੁੜੇ ਹੋਏ ਹਨ।
ISI ਦੇ ਇਸ਼ਾਰੇ ‘ਤੇ ਕੰਮ ਕਰਦਾ ਸੀ ਮਾਸਟਰਮਾਈਂਡ
ਇਸ ਅੰਤਰਰਾਸ਼ਟਰੀ ਨੈੱਟਵਰਕ ਦਾ ਮੁੱਖ ਸਰਗਨਾ ਸ਼ਾਹਜ਼ਾਦ ਭੱਟੀ ਹੈ। ਸ਼ਾਹਜ਼ਾਦ ਭੱਟੀ, ਜੋ ਇੱਕ ਪਾਕਿਸਤਾਨੀ ਗੈਂਗਸਟਰ ਹੈ ਤੇ ਉਥੋਂ ਹੀ ਉਪਰੇਟ ਕਰ ਰਿਹਾ ਸੀ ਤੇ ISI ਦੇ ਇਸ਼ਾਰੇ ‘ਤੇ ਇਹ ਸਾਰਾ ਮਾਡਿਊਲ ਚਲਾ ਰਿਹਾ ਸੀ।
ਗ੍ਰਿਫ਼ਤਾਰੀਆਂ ਤੇ ਨੈੱਟਵਰਕ ਦਾ ਫੈਲਾਅ
ਸਪੈਸ਼ਲ ਸੈੱਲ ਦੀ ਐਂਟੀ ਟੈਰਰ ਯੂਨਿਟ (TYR) ਨੇ ਗੁਪਤ ਸੂਚਨਾਵਾਂ ਦੇ ਆਧਾਰ ‘ਤੇ ਇਸ ਮਾਡਿਊਲ ਦਾ ਭਾਂਡਾਫੋੜ ਕੀਤਾ। ਗ੍ਰਿਫ਼ਤਾਰ ਕੀਤੇ ਗਏ ਤਿੰਨੋਂ ਮੁਲਜ਼ਮਾਂ ਦੇ ਤਾਰ ਪੰਜਾਬ, ਉੱਤਰ ਪ੍ਰਦੇਸ਼ (ਲਖਨਊ ਅਤੇ ਮੁਰਾਦਾਬਾਦ ਤੋਂ) ਅਤੇ ਮੱਧ ਪ੍ਰਦੇਸ਼ ਦੇ ਖੇਤਰਾਂ ਨਾਲ ਜੁੜੇ ਹੋਏ ਹਨ। ਪੁਲਸ ਨੂੰ ਸ਼ੱਕ ਹੈ ਕਿ ਇਹ ਨੈੱਟਵਰਕ ਪੰਜਾਬ, ਉੱਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ‘ਚ ਨੌਜਵਾਨਾਂ ਦੀ ਭਰਤੀ ਕਰ ਰਿਹਾ ਸੀ। ਮੁਲਜ਼ਮ ਸੋਸ਼ਲ ਮੀਡੀਆ ਖਾਤਿਆਂ ਰਾਹੀਂ ISI ਦੇ ਹੈਂਡਲਰਾਂ ਤੋਂ ਨਿਰਦੇਸ਼ ਪ੍ਰਾਪਤ ਕਰ ਰਹੇ ਸਨ।
ਦਿੱਲੀ-ਐੱਨਸੀਆਰ ‘ਚ ਵਿਸਫੋਟਕ ਹਮਲੇ ਦੀ ਯੋਜਨਾ
ਪੁਲਸ ਨੇ ਦੱਸਿਆ ਕਿ ਇਸ ਨੈੱਟਵਰਕ ਦਾ ਮੁੱਖ ਨਿਸ਼ਾਨਾ ਦਿੱਲੀ-ਐੱਨਸੀਆਰ ਸੀ, ਜਿੱਥੇ ਇਹ ਵਿਸਫੋਟਕ ਹਮਲਿਆਂ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਿਹਾ ਸੀ। ਪੰਜਾਬ ਨਾਲ ਜੁੜੇ ਸ਼ੱਕੀ ਮੁਲਜ਼ਮਾਂ ਨੂੰ ਗੈਂਗਸਟਰ ਨੈੱਟਵਰਕ ਦੀ ਵਰਤੋਂ ਕਰਕੇ ਹਥਿਆਰਾਂ ਅਤੇ ਵਿਸਫੋਟਕਾਂ ਦੀ ਤਸਕਰੀ ਕਰਨ ਵਿੱਚ ਪ੍ਰਮੁੱਖ ਮੰਨਿਆ ਜਾਂਦਾ ਹੈ।

