ਨੈਸ਼ਨਲ : ਮੱਧ ਪ੍ਰਦੇਸ਼ ਦੇ ਇੰਦੌਰ ਵਿਚ ਕੁਦਰਤ ਦਾ ਇੱਕ ਅਜਿਹਾ ਚਮਤਕਾਰ ਦੇਖਣ ਨੂੰ ਮਿਲਿਆ ਹੈ, ਜਿਸ ਨੂੰ ਸੁਣ ਕੇ ਬਹੁਤ ਸਾਰੇ ਲੋਕਾਂ ਦੇ ਹੋਸ਼ ਉੱਡ ਗਏ। ਇੱਥੋਂ ਦੇ ਐਮਟੀਐਚ ਹਸਪਤਾਲ ਵਿੱਚ ਦਾਖਲ ਇੱਕ ਗਰਭਵਤੀ ਔਰਤ ਨੇ ਅਜਿਹੇ ਬੱਚੇ ਨੂੰ ਜਨਮ ਦਿੱਤਾ ਹੈ, ਜਿਸ ਦਾ ਇਕ ਸਰੀਰ ਅਤੇ ਦੋ ਸਿਰ ਹਨ। ਜਨਮ ਦੌਰਾਨ ਬੱਚੇ ਨੂੰ ਦੇਖ ਕੇ ਮੌਕੇ ‘ਤੇ ਮੌਜੂਦ ਡਾਕਟਰ ਵੀ ਹੈਰਾਨ ਹੋ ਗਏ। ਡਿਲੀਵਰੀ ਤੋਂ ਬਾਅਦ ਬੱਚੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਉਸਨੂੰ ਐਮਰਜੈਂਸੀ ਵਾਰਡ ਵਿੱਚ ਦਾਖਲ ਕਰਵਾਇਆ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਦੋ ਸਿਰਾਂ ਵਾਲੇ ਬੱਚੇ ਨੂੰ ਜਨਮ ਦੇਣ ਵਾਲੀ ਔਰਤ ਨੂੰ 21 ਜੁਲਾਈ ਦੀ ਰਾਤ ਨੂੰ ਜਣੇਪੇ ਦੇ ਦਰਦ ਕਾਰਨ ਇੰਦੌਰ ਦੇ ਐਮਟੀਐਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਔਰਤ ਦੀ ਡਿਲੀਵਰੀ ਐਮਰਜੈਂਸੀ ਸਥਿਤੀ ਵਿੱਚ ਆਪ੍ਰੇਸ਼ਨ ਰਾਹੀਂ ਕੀਤੀ ਗਈ ਸੀ। ਡਾਕਟਰਾਂ ਅਨੁਸਾਰ ਇਸ ਬੱਚੀ ਦਾ ਭਾਰ ਲਗਭਗ 2 ਕਿਲੋ 800 ਗ੍ਰਾਮ ਹੈ। ਆਪ੍ਰੇਸ਼ਨ ਤੋਂ ਬਾਅਦ ਮਾਂ ਦੀ ਸਿਹਤ ਠੀਕ ਹੈ, ਜਦਕਿ ਬੱਚੀ ਨੂੰ ਡਾਕਟਰਾਂ ਨੇ SNCU (ਵਿਸ਼ੇਸ਼ ਨਵਜੰਮੇ ਬੱਚੇ ਦੀ ਦੇਖਭਾਲ ਇਕਾਈ) ਵਿੱਚ ਰੱਖਿਆ ਹੋਇਆ ਹੈ।
ਦੱਸ ਦੇਈਏ ਕਿ ਇਸ ਸਥਿਤੀ ਵਿਚ ਪੈਦਾ ਹੋਏ ਬੱਚੇ ਨੂੰ ਪੈਰਾਪੈਗਸ ਡਾਈਸੇਫੈਲਿਕ ਕਨਜੋਇਨਡ ਜੁੜਵਾਂ ਕਿਹਾ ਜਾਂਦਾ ਹੈ। ਦੋ ਸਿਰਾਂ ਵਾਲੇ ਬੱਚੇ ਨੂੰ ਜਨਮ ਦੇਣ ਵਾਲੀ ਔਰਤ ਦੇਵਾਸ ਦੀ ਰਹਿਣ ਵਾਲੀ ਹੈ। ਗਰਭਅਵਸਥਾ ਦੌਰਾਨ ਉਕਤ ਔਰਤ ਸਮੇਂ-ਸਮੇਂ ‘ਤੇ ਆਪਣੀ ਸੋਨੋਗ੍ਰਾਫੀ ਕਰਵਾ ਰਹੀ ਸੀ। ਉਕਤ ਔਰਤ ਨੇ ਜਦੋਂ ਸੱਤਵੇਂ ਮਹੀਨੇ ਆਪਣੀ ਸੋਨੋਗ੍ਰਾਫੀ ਕਰਵਾਈ ਤਾਂ ਉਸ ਨੂੰ ਰਿਪੋਰਟ ਵਿੱਚ ਜੁੜਵਾਂ ਬੱਚਿਆਂ ਦੀ ਮੌਜੂਦਗੀ ਦਾ ਖੁਲਾਸਾ ਹੋਇਆ ਪਰ ਬੱਚੇ ਦੇ ਜੁੜੇ ਹੋਏ ਸਿਰਾਂ ਦਾ ਪਤਾ ਨਹੀਂ ਲੱਗਿਆ।