ਨਵੀਂ ਦਿੱਲੀ –ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਮੰਗਲਵਾਰ ਨੂੰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ‘ਤੇ ਕੋਲਕਾਤਾ ਵਿਚ ਇਕ ਟਰੇਨੀ ਡਾਕਟਰ ਨਾਲ ਜਬਰ ਜ਼ਿਨਾਹ ਅਤੇ ਕਤਲ ‘ਚ ਸ਼ਾਮਲ ਲੋਕਾਂ ਨੂੰ ਬਚਾਉਣ ਦਾ ਦੋਸ਼ ਲਗਾਉਂਦੇ ਹੋਏ ਉਨ੍ਹਾਂ ਨੂੰ ‘ਤਾਨਾਸ਼ਾਹ’ ਕਰਾਰ ਦਿੱਤਾ ਅਤੇ ਇਸ ਮਾਮਲੇ ਦੀ ਨਿਰਪੱਖ ਜਾਂਚ ਲਈ ਉਨ੍ਹਾਂ ਦੇ ਅਸਤੀਫੇ ਦੀ ਮੰਗ ਕੀਤੀ। ਭਾਜਪਾ ਨੇ ਇਹ ਵੀ ਮੰਗ ਕੀਤੀ ਹੈ ਕਿ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਬੈਨਰਜੀ ਅਤੇ ਪੁਲਸ ਕਮਿਸ਼ਨਰ ਵਿਨੀਤ ਗੋਇਲ ਦਾ ‘ਪੌਲੀਗ੍ਰਾਫ’ ਟੈਸਟ ਕਰਵਾਏ। ਪਾਰਟੀ ਦਾ ਦੋਸ਼ ਹੈ ਕਿ ਉਸ (ਗੋਇਲ) ਨੇ ਸ਼ੁਰੂ ‘ਚ ਕਿਹਾ ਸੀ ਕਿ ਪੀੜਤਾ ਨੇ ਖੁਦਕੁਸ਼ੀ ਕੀਤੀ ਹੈ।
ਭਾਜਪਾ ਦੇ ਰਾਸ਼ਟਰੀ ਬੁਲਾਰੇ ਗੌਰਵ ਭਾਟੀਆ ਨੇ ਇੱਥੇ ਪਾਰਟੀ ਹੈੱਡਕੁਆਰਟਰ ‘ਤੇ ਪੱਤਰਕਾਰਾਂ ਨੂੰ ਕਿਹਾ,”ਪੱਛਮੀ ਬੰਗਾਲ ‘ਚ ਜੋ ਵੀ ਹੋ ਰਿਹਾ ਹੈ, ਉਹ ਚਿੰਤਾਜਨਕ ਹੈ। ਇਹ ਸੰਵਿਧਾਨ ਨੂੰ ਤੋੜਨ ਦੇ ਬਰਾਬਰ ਹੈ। ਸਾਫ਼ ਨਜ਼ਰ ਆ ਰਿਹਾ ਹੈ ਕਿ ਦੇਸ਼ ‘ਚ ਜੇਕਰ ਕੋਈ ਡਾਕਟਰ ਹੈ ਤਾਂ ਉਹ ਮਮਤਾ ਬੈਨਰਜੀ ਹੈ।
ਉਨ੍ਹਾਂ ਨੇ ਬੈਨਰਜੀ ‘ਤੇ ਜਬਰ ਜ਼ਿਨਾਹ ਅਤੇ ਕਤਲ ਮਾਮਲੇ ‘ਚ ਸ਼ਾਮਲ ਲੋਕਾਂ ਨੂੰ ਬਚਾਉਣ ਦਾ ਦੋਸ਼ ਲਗਾਇਆ ਅਤੇ ਮੰਗ ਕੀਤੀ ਕਿ ਉਹ (ਬੈਨਰਜੀ) ਤੁਰੰਤ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤਾਂ ਜੋ ਮਾਮਲੇ ਦੀ ਨਿਰਪੱਖ ਜਾਂਚ ਹੋ ਸਕੇ। ਭਾਜਪਾ ਦੇ ਬੁਲਾਰੇ ਨੇ ਇਹ ਵੀ ਮੰਗ ਕੀਤੀ ਕਿ ਪੁਲਸ ਕਮਿਸ਼ਨਰ, ਜਿਨ੍ਹਾਂ ਨੇ ਸ਼ੁਰੂ ‘ਚ ਪੀੜਤਾ ਦੇ ਜਬਰ ਜ਼ਿਨਾਹ ਅਤੇ ਕਤਲ ਨੂੰ ਖੁਦਕੁਸ਼ੀ ਕਰਾਰ ਦਿੱਤਾ ਸੀ ਨੂੰ ਅਸਤੀਫ਼ਾ ਦੇ ਕੇ ਜਾਂਚ ਦਾ ਸਾਹਮਣਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੱਚ ਸਾਹਮਣੇ ਆਉਣਾ ਚਾਹੀਦਾ ਹੈ। ਸੀ.ਬੀ.ਆਈ. ਮਾਮਲੇ ਦੀ ਜਾਂਚ ਕਰ ਰਹੀ ਹੈ। ਸੱਚਾਈ ਦਾ ਪਤਾ ਲਗਾਉਣ ਲਈ ਇਸ (ਸੀ.ਬੀ.ਆਈ.) ਨੂੰ ਮਮਤਾ ਬੈਨਰਜੀ ਅਤੇ ਪੁਲਸ ਕਮਿਸ਼ਨਰ ਦਾ ਪੋਲੀਗ੍ਰਾਫ਼ ਟੈਸਟ ਕਰਵਾਉਣਾ ਚਾਹੀਦਾ ਹੈ।