ਪੰਜਾਬ ਵਿੱਚ ਚੋਣ ਪ੍ਰਚਾਰ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਕੇਂਦਰੀ ਮੰਤਰੀ ਅਮਿਤ ਸ਼ਾਹ ਦੀ ਕੱਲ੍ਹ ਹੋਈ ਫੇਰੀ ਨੂੰ ਲੈ ਕੇ ਭਾਜਪਾ ‘ਤੇ ਨਿਸ਼ਾਨਾ ਸਾਧਿਆ। ਸੀਐਮ ਮਾਨ ਨੇ ਕਿਹਾ ਕਿ ਦੇਸ਼ ਵਿੱਚ ਪੰਜਾਬੀਆਂ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਹਨ ਅਤੇ ਇਹ ਲੋਕ (ਭਾਜਪਾ ਨੇਤਾ) ਪੰਜਾਬ ਵਿੱਚ ਆ ਕੇ ਸਭ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਲੋਕ (ਭਾਜਪਾ ਨੇਤਾ) ਕਹਿੰਦੇ ਹਨ ਕਿ ਉਹ ਪੰਜਾਬ ਸਰਕਾਰ ਨੂੰ ਡੇਗ ਦੇਣਗੇ। ਪਰ ਇਸ ਵਾਰ ਭਾਜਪਾ ਜ਼ੀਰੋ ‘ਤੇ ਹੀ ਸਿਮਟ ਜਾਵੇਗੀ। ਇੱਥੇ ‘ਆਪ’ ਪਾਰਟੀ ਨੇ ਚੰਗੇ ਫਰਕ ਨਾਲ ਜਿੱਤ ਹਾਸਿਲ ਕੀਤੀ ਹੈ। ਕੋਈ ਇਸ ਤਰ੍ਹਾਂ ਸਰਕਾਰ ਨੂੰ ਕਿਵੇਂ ਡੇਗ ਸਕਦਾ ਹੈ?
ਇਸ ਦੇ ਨਾਲ ਹੀ ਮਾਨ ਨੇ ਕਿਹਾ, ‘ਭਾਜਪਾ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਜੇਲ੍ਹ ਭੇਜ ਰਹੀ ਹੈ ਅਤੇ ਸਾਡੇ ਨਾਲ ਚੋਣ ਲੜਨ ਲਈ ਕਹਿੰਦੀ ਹੈ। ਇਹ ਲੋਕ (ਭਾਜਪਾ ਨੇਤਾ) ਮੇਰੇ ‘ਤੇ ਸਵਾਲ ਚੁੱਕ ਰਹੇ ਹਨ ਕਿ ਮੈਂ ਜੇਲ੍ਹ ‘ਚ ਕੇਜਰੀਵਾਲ ਨੂੰ ਮਿਲਣ ਕਿਉਂ ਗਿਆ? ਉਹ (ਕੇਜਰੀਵਾਲ) ਸਾਡੀ ਪਾਰਟੀ ਦੇ ਰਾਸ਼ਟਰੀ ਕੋਆਰਡੀਨੇਟਰ ਹਨ, ਮੈਂ ਉਨ੍ਹਾਂ ਨੂੰ ਮਿਲਣ ਕਿਉਂ ਨਹੀਂ ਜਾਵਾਂਗਾ? ਇਸ ਤੋਂ ਇਲਾਵਾ ਮਾਨ ਨੇ ਦੋਸ਼ ਲਾਇਆ ਕਿ ਭਾਜਪਾ ਨੇ ਆਪਣੀ ਹੀ ਪਾਰਟੀ ਦੇ ਸੀਨੀਅਰ ਆਗੂਆਂ ਦਾ ਸਿਆਸੀ ਕਰੀਅਰ ਖਤਮ ਕਰ ਦਿੱਤਾ ਹੈ।