ਛੱਤੀਸਗੜ੍ਹ – ਛੱਤੀਸਗੜ੍ਹ ਦੇ ਸੀਨੀਅਰ ਭਾਜਪਾ ਆਗੂ ਅਤੇ ਸਾਬਕਾ ਵਿਰੋਧੀ ਧਿਰ ਦੇ ਨੇਤਾ ਨਾਰਾਇਣ ਚੰਦੇਲ ਦੇ ਭਰਾ ਦੀ ਲਾਸ਼ ਰੇਲਵੇ ਟਰੈਕ ‘ਤੇ ਮਿਲਣ ਨਾਲ ਸਨਸਨੀ ਫੈਲ ਗਈ। ਦੱਸਿਆ ਜਾ ਰਿਹਾ ਹੈ ਕਿ ਭਾਜਪਾ ਆਗੂ ਸ਼ੇਖਰ ਚੰਦੇਲ ਨੇ ਜਾਂਜਗੀਰ ਰੇਲਵੇ ਸਟੇਸ਼ਨ ਕੋਲ ਸ਼ੁੱਕਰਵਾਰ ਦੇਰ ਰਾਤ ਰੇਲ ਗੱਡੀ ਅੱਗੇ ਛਾਲ ਮਾਰ ਖ਼ੁਦਕੁਸ਼ੀ ਕਰ ਲਈ। ਖ਼ੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪੁਲਸ ਨੂੰ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ, ਘਟਨਾ ਤੋਂ ਬਾਅਦ ਆਰ.ਪੀ.ਐੱਫ. (ਰੇਲਵੇ ਪ੍ਰੋਟੈਕਸ਼ਨ ਫੋਰਸ) ਅਤੇ ਜੀ.ਆਰ.ਪੀ. (ਸਰਕਾਰੀ ਰੇਲਵੇ ਪੁਲਸ) ਦੇ ਸੀਨੀਅਰ ਪੁਲਸ ਅਧਿਕਾਰੀ ਮੌਕੇ ‘ਤੇ ਪਹੁੰਚੇ।
ਪੁਲਸ ਨੇ ਲਾਸ਼ ਪੋਸਟਮਾਰਟਮ ਲਈ ਜ਼ਿਲ੍ਹਾ ਹਸਪਤਾਲ ਭੇਜ ਦਿੱਤੀ ਹੈ। ਉੱਥੇ ਹੀ ਪੁਲਸ ਪਰਿਵਾਰ ਵਾਲਿਆਂ ਤੋਂ ਪੁੱਛ-ਗਿੱਛ ਕਰ ਕੇ ਖ਼ੁਦਕੁਸ਼ੀ ਦੇ ਕਾਰਨਾਂ ਦਾ ਪਤਾ ਲਗਾਉਣ ‘ਚ ਲੱਗੀ ਹੈ। ਇਸ ਹਾਈ ਪ੍ਰੋਫਾਈਲ ਮਾਮਲੇ ‘ਚ ਪੁਲਸ ਸਾਰੇ ਪਹਿਲੂਆਂ ‘ਤੇ ਜਾਂਚ ਕਰ ਰਹੀ ਹੈ। ਸ਼ੇਖਰ ਚੰਦੇਲ (50) ਸਾਬਕਾ ਵਿਰੋਧੀ ਧਿਰ ਨੇਤਾ ਨਾਰਾਇਣ ਚੰਦੇਲ ਦੇ ਛੋਟੇ ਭਰਾ ਸਨ। ਸ਼ੇਖਰ ਚੰਦੇਲ ਭਾਜਪਾ ‘ਚ ਸਰਗਰਮ ਰਾਜਨੀਤੀ ਨਾਲ ਹੀ ਸਕਾਊਟ ਗਾਈਡ ਦੇ ਜ਼ਿਲ੍ਹਾ ਕਮਿਸ਼ਨਰ ਸਨ।