ਭੋਪਾਲ- ਭਾਜਪਾ ਦੇ ਇਕ ਸੀਨੀਅਰ ਆਗੂ ਅਤੇ ਮੱਧ ਪ੍ਰਦੇਸ਼ ਸਰਕਾਰ ਦੇ ਮੰਤਰੀ ਵਿਜੇ ਸ਼ਾਹ ਨੇ ਕਥਿਤ ਤੌਰ ’ਤੇ ਉਸ ਕਰਨਲ ਸੋਫੀਆ ਕੁਰੈਸ਼ੀ ਵਿਰੁੱਧ ਇਤਰਾਜ਼ਯੋਗ ਟਿੱਪਣੀ ਕੀਤੀ ਹੈ, ਜਿਸ ਨੇ ‘ਆਪਰੇਸ਼ਨ ਸਿੰਧੂਰ’ ਬਾਰੇ ਜਾਣਕਾਰੀ ਦਿੱਤੀ ਸੀ। ਵਿਜੇ ਨੇ ਕਥਿਤ ਤੌਰ ’ਤੇ ਸੋਫੀਆ ਕੁਰੈਸ਼ੀ ਨੂੰ ‘ਅੱਤਵਾਦੀਆਂ ਦੀ ਭੈਣ’ ਕਿਹਾ ਸੀ। ਜਦੋਂ ਉਨ੍ਹਾਂ ਦੀ ਟਿੱਪਣੀ ਵਾਲਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ ਤੇ ਉਨ੍ਹਾਂ ਦੀ ਆਲੋਚਨਾ ਹੋਣ ਲੱਗੀ ਤਾਂ ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਨੂੰ ਵੱਖਰੇ ਸੰਦਰਭ ’ਚ ਨਹੀਂ ਵੇਖਿਆ ਜਾਣਾ ਚਾਹੀਦਾ ਕਿਉਂਕਿ ‘ਸਾਡੀਆਂ ਭੈਣਾਂ’ ਨੇ ਬਹੁਤ ਤਾਕਤ ਨਾਲ ਫੌਜ ਨਾਲ ਮਿਲ ਕੇ ਪਹਿਲਗਾਮ ਹਮਲੇ ਦਾ ਬਦਲਾ ਲਿਆ ਹੈ।
ਵਾਇਰਲ ਵੀਡੀਓ ਸੋਮਵਾਰ ਦਾ ਦੱਸਿਆ ਜਾ ਰਿਹਾ ਹੈ। ਇਸ ’ਚ ਆਦਿਵਾਸੀ ਭਲਾਈ ਮੰਤਰੀ ਸ਼ਾਹ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਜਿਨ੍ਹਾਂ ਨੇ ਸਾਡੀਆਂ ਧੀਆਂ-ਭੈਣਾਂ ਦੇ ਸਿੰਧੂਰ ਮਿਟਾਏ ਸਨ, ਅਸੀਂ ਉਨ੍ਹਾਂ ਕੋਲ ਉਨ੍ਹਾਂ ਦੀ ਹੀ ਭੈਣ ਨੂੰ ਭੇਜ ਕੇ ਉਨ੍ਹਾਂ ਨੂੰ ਕੁੱਟਿਆ। ਸ਼ਾਹ ਨੇ ਪੂਰੀ ਵੀਡੀਓ ’ਚ ਕਿਸੇ ਦਾ ਨਾਂ ਨਹੀਂ ਲਿਆ। ਉਹ ਸੋਮਵਾਰ ਇੰਦੌਰ ਨੇੜੇ ਮਹੂ ਦੇ ਰਾਮਕੁੰਡਾ ਪਿੰਡ ’ਚ ਇਕ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ।