ਪੰਜਾਬ ’ਚ ਸੱਤਵੇ ਪੜਾਅ ਤਹਿਤ ਇੱਕ ਜੂਨ ਨੂੰ ਵੋਟਿੰਗ ਹੋਣੀ ਹੈ। ਚੋਣਾਂ ਦੇ ਇਨ੍ਹਾਂ ਪੜਾਵਾਂ ਅੰਦਰ ਵਾਰ-ਪਲਟਵਾਰ ਜਾਰੀ ਹੈ। ਇਸੇ ਤਰ੍ਹਾਂ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਨੇ ਵਿਰੋਧੀ ਧਿਰ ਨੂੰ ਘੇਰਦੇ ਹੋਏ ਵੱਡੇ ਇਲਜ਼ਾਮ ਲਗਾਏ। ਉਨ੍ਹਾਂ ਕਿਹਾ ਕਿ ਭਾਜਪਾ ਨੇ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ। ਇਸੇ ਤਰ੍ਹਾਂ ਦਾ ਸਲੂਕ ਕਾਂਗਰਸ ਵੀ ਕਰਦੀ ਰਹੀ ਹੈ। ਭਾਜਪਾ ਨੇ ਪਿਛਲੇ ਦੱਸ ਸਾਲਾਂ ’ਚ ਪੰਜਾਬ ਲਈ ਕੀਤਾ ਹੀ ਕੀ ਹੈ?
ਦਰਅਸਲ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੰਦੇ ਹੋਏ ਟੀਨੂੰ ਨੇ ਕਿਹਾ ਕਿ ਜਲੰਧਰ ’ਚ ਆਪ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਲੋਕਾਂ ਵਿਚ ਪਾਰਟੀ ਪ੍ਰਤੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਇਸ ਦੇ ਨਾਲ ਹੀ ਕਾਂਗਰਸ ਪਾਰਟੀ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਵੱਡਾ ਨੇਤਾ ਕਹੇ ਜਾਣ ’ਤੇ ਟੀਨੂੰ ਨੇ ਕਿਹਾ ਕਿ ਪਤਾ ਨਹੀਂ ਕਿ ਕਾਂਗਰਸ ਪਾਰਟੀ ਚੰਨੀ ਦੇ ਕਿਸ ਕੱਦ ਦੀ ਗੱਲ ਕਰ ਰਹੀ ਹੈ। ਉਨ੍ਹਾਂ ਦੀ ਜ਼ਮਾਨਤ ਬੁਰੀ ਤਰ੍ਹਾਂ ਜ਼ਬਤ ਹੋ ਚੁੱਕੀ ਹੈ। ਕਿਉਂਕਿ ਚੰਨੀ ਪਹਿਲਾਂ ਹੀ 2 ਵਾਰ ਬੁਰੀ ਤਰ੍ਹਾਂ ਹਾਰ ਚੁੱਕੇ ਹਨ। ਇੱਥੋਂ ਤੱਕ ਕਿ ਚੰਨੀ ਦਾ ਜਲੰਧਰ ਨਾਲ ਕੋਈ ਵਾਸਤਾ ਨਹੀਂ ਹੈ, ਉਹ 160 ਕਿਲੋਮੀਟਰ ਦੂਰੋ ਆ ਕੇ ਜਲੰਧਰ ’ਚ ਚੋਣ ਲੜ ਰਹੇ ਹਨ। ਹਾਲਾਂਕਿ ਉਹ (ਚੰਨੀ) ਤਾਂ ਖ਼ੁਦ ਲਈ ਵੋਟ ਵੀ ਨਹੀਂ ਕਰ ਸਕਦੇ।
ਇਸ ਤੋਂ ਇਲਾਵਾ ਪਵਨ ਕੁਮਾਰ ਟੀਨੂੰ ਨੇ ਚੰਨੀ ਦੇ ਕਾਰਜਕਾਲ ਦਾ ਜ਼ਿਕਰ ਕਰਦੇ ਕਿਹਾ ਕਿ ਚੰਨੀ ਨੇ ਪੰਜਾਬ ਦੇ 111 ਦਿਨ ਖ਼ਰਾਬ ਹੀ ਕੀਤੇ ਹਨ। ਚੰਨੀ ਦੀ ਸਰਕਾਰ ਵੇਲੇ ਹੀ ਪੋਸਟ ਮੈਟ੍ਰਿਕ ਵਜ਼ੀਫਾ ਘਪਲਾ ਹੋਇਆ। ਉਨ੍ਹਾਂ ਨੇ ਕੋਈ ਕੰਮ ਨਹੀਂ ਕੀਤਾ ਸਿਰਫ ਦਿਖਾਵਾ ਹੀ ਕੀਤਾ ਅਤੇ ਡਰਾਮੇ ਕਰਦੇ ਰਹੇ।
ਵਿਰੋਧੀ ਧਿਰ ਨੂੰ ਨਿਸ਼ਾਨਾ ਬਣਾਉਦੇ ਹੋਏ ਪਵਨ ਟੀਨੂੰ ਨੇ ਭਾਜਪਾ ਨੂੰ ਵੀ ਨਹੀਂ ਬਖਸ਼ਿਆ। ਉਨ੍ਹਾਂ ਕਿਹਾ ਕਿ ਭਾਜਪਾ ਪਿਛਲੀਆਂ ਚੋਣਾਂ ਦੌਰਾਨ 2 ਕਰੋੜ ਨੌਕਰੀਆਂ ਦੇਣ ਦਾ ਵਾਅਦਾ ਕਰ ਕੇ ਮੁੱਕਰ ਗਈ। ਕੇਂਦਰ ਨੇ ਹਮੇਸ਼ਾਂ ਹੀ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਤੇ ਅਜਿਹਾ ਹੀ ਸਲੂਕ ਕਾਂਗਰਸ ਵੀ ਪੰਜਾਬ ਨਾਲ ਕਰਦੀ ਰਹੀ ਹੈ। 1987 ਵਿਚ ਆਰ.ਸੀ.ਐੱਫ਼. ਦੇ ਪਹਿਲੇ ਪ੍ਰਾਜੈਕਟ ਤੋਂ ਇਲਾਵਾ ਦੁਆਬੇ ਨੂੰ ਅੱਜ ਤਕ ਕੋਈ ਵੱਡਾ ਪ੍ਰਾਜੈਕਟ ਨਹੀਂ ਮਿਲਿਆ।