ਇਸਲਾਮਾਬਾਦ- ਪਾਕਿਸਤਾਨ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਬਲੋਚ ਲਿਬਰੇਸ਼ਨ ਆਰਮੀ (ਬੀ.ਐਲ.ਏ) ਨੇ ਬਲੋਚਿਸਤਾਨ ਸੂਬੇ ਵਿੱਚ ਇੱਕ ਯਾਤਰੀ ਬੱਸ ‘ਤੇ ਬੰਬ ਨਾਲ ਹਮਲਾ ਕੀਤਾ। ਇਸ ਹਮਲੇ ਵਿੱਚ 4 ਲੋਕ ਮਾਰੇ ਗਏ ਅਤੇ 32 ਹੋਰ ਜ਼ਖ਼ਮੀ ਹੋ ਗਏ। ਇਹ ਧਮਾਕਾ ਤੁਰਬਤ ਸ਼ਹਿਰ ਦੇ ਨਿਊ ਬਾਹਮਨ ਇਲਾਕੇ ਵਿੱਚ ਉਸ ਸਮੇਂ ਹੋਇਆ, ਜਦੋਂ ਕਰਾਚੀ ਤੋਂ ਤੁਰਬਤ ਜਾ ਰਹੀ ਇੱਕ ਬੱਸ ਕੋਲ ਇੱਕ ਆਈ.ਈ.ਡੀ ਧਮਾਕਾ ਹੋਇਆ।
ਪੀ.ਟੀ.ਆਈ ਅਨੁਸਾਰ ਇੱਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਚਾਰ ਲਾਸ਼ਾਂ ਅਤੇ 32 ਜ਼ਖਮੀਆਂ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ। ਉਸਨੇ ਕਿਹਾ ਕਿ ਧਮਾਕੇ ਦੀ ਜਾਂਚ ਕੀਤੀ ਜਾ ਰਹੀ ਹੈ। ਇੱਕ ਪੁਲਸ ਅਧਿਕਾਰੀ ਨੇ ਕਿਹਾ ਕਿ ਇੱਕ ਉੱਚ ਦਰਜੇ ਦਾ ਪੁਲਸ ਅਧਿਕਾਰੀ ਐਸ.ਐਸ.ਪੀ ਜ਼ੋਹੇਬ ਮੋਹਸੀਨ ਆਪਣੇ ਪਰਿਵਾਰ ਨਾਲ ਇਸ ਬੱਸ ਵਿੱਚ ਸੀ ਅਤੇ ਸੰਭਵ ਹੈ ਕਿ ਉਹ ਨਿਸ਼ਾਨਾ ਬਣ ਗਿਆ ਹੋਵੇ। ਸੀਨੀਅਰ ਪੁਲਸ ਅਧਿਕਾਰੀ ਅਤੇ ਉਸ ਦਾ ਪਰਿਵਾਰ ਬੱਸ ਵਿੱਚ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਜਾ ਰਹੇ ਸਨ।
ਬਲੋਚਿਸਤਾਨ ਸੂਬੇ ਦੇ ਮੁੱਖ ਮੰਤਰੀ ਸਰਫਰਾਜ਼ ਬੁਗਤੀ ਨੇ ਹਮਲੇ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਨਿਰਦੋਸ਼ ਲੋਕਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਇਨਸਾਨ ਕਹਾਉਣ ਦੇ ਲਾਇਕ ਨਹੀਂ ਹਨ। ਨਾਲ ਹੀ ਕਿਹਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵੱਧ ਹੈ। ਬਲੋਚ ਲਿਬਰੇਸ਼ਨ ਆਰਮੀ ਨਾਮਕ ਇੱਕ ਵੱਖਵਾਦੀ ਸਮੂਹ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਬਲੋਚਿਸਤਾਨ ਪਾਕਿਸਤਾਨ ਦਾ ਸਭ ਤੋਂ ਵੱਡਾ ਸੂਬਾ ਹੈ । ਬਲੋਚਿਸਤਾਨ ਲੰਬੇ ਸਮੇਂ ਤੋਂ ਚੱਲ ਰਹੀ ਬਗਾਵਤ ਦਾ ਕੇਂਦਰ ਹੈ, ਜਿੱਥੇ ਕਈ ਵੱਖਵਾਦੀ ਸਮੂਹ ਲਗਾਤਾਰ ਹਮਲੇ ਕਰਦੇ ਰਹਿੰਦੇ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਆਜ਼ਾਦੀ ਨੂੰ ਲੈ ਕੇ ਸੁਰੱਖਿਆ ਬਲਾਂ ਦੇ ਖ਼ਿਲਾਫ਼ ਰਹੇ ਹਨ ਅਤੇ ਹੋਰ ਅੱਤਵਾਦੀ ਸਮੂਹ ਵੀ ਇੱਥੋਂ ਸਰਗਰਮ ਹਨ।