ਫਿਰੋਜ਼ਪੁਰ- ਪਹਿਲਗਾਮ ਵਿੱਚ ਸੈਲਾਨੀਆਂ ’ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਦਾ ਮਾਹੌਲ ਹੈ ਅਤੇ ਪਾਕਿਸਤਾਨ ਬੌਖ਼ਲਾਇਆ ਹੋਇਆ ਹੈ। ਅਜਿਹੇ ਹਾਲਾਤ ਦੇ ਮੱਦੇਨਜ਼ਰ ਸਾਡੇ ਦੇਸ਼ ਦੀਆਂ ਸਾਰੀਆਂ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਚੌਕਸ ਹਨ। ਲੋਕਾਂ ਨੂੰ ਅਜਿਹੀਆਂ ਸਥਿਤੀਆਂ ਬਾਰੇ ਜਾਗਰੂਕ ਕਰਨ ਲਈ ਅੱਜ ਫਿਰੋਜ਼ਪੁਰ-ਛਾਉਣੀ ਵਿੱਚ ਅੱਧੇ ਘੰਟੇ ਲਈ ਪੂਰੀ ਤਰ੍ਹਾਂ ਬਲੈਕਆਊਟ ਕਰਦੇ ਹੋਏ ਸਾਇਰਨ ਵਜਾ ਕੇ ਮੌਕ ਡ੍ਰਿਲ ਕੀਤੀ ਜਾਵੇਗੀ। ਫਿਰੋਜ਼ਪੁਰ-ਛਾਉਣੀ ਬੋਰਡ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਰਾਤ 9 ਤੋਂ 9:30 ਵਜੇ ਤੱਕ ਆਪਣੇ ਘਰਾਂ ਅਤੇ ਦੁਕਾਨਾਂ ਵਿੱਚ ਲਾਈਟਾਂ ਅਤੇ ਜਨਰੇਟਰ ਆਦਿ ਨਾ ਚਲਾਉਣ। ਰਾਤ 9:00 ਵਜੇ ਬਿਜਲੀ ਬੋਰਡ ਵੱਲੋਂ ਫਿਰੋਜ਼ਪੁਰ-ਛਾਉਣੀ ਖੇਤਰ ਦੀ ਬਿਜਲੀ ਸਪਲਾਈ ਪੂਰੀ ਤਰ੍ਹਾਂ ਕੱਟ ਦਿੱਤੀ ਜਾਵੇਗੀ ਅਤੇ ਰਾਤ 9:30 ਵਜੇ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਜਾਵੇਗੀ।
ਇਸ ਮੁਹਿੰਮ ਰਾਹੀਂ ਲੋਕਾਂ ਨੂੰ ਪਤਾ ਲੱਗੇਗਾ ਸਾਇਰਨ ਦਾ ਕੀ ਮਤਲਬ ਹੈ ਅਤੇ ਜੰਗ ਵਰਗੀ ਸਥਿਤੀ ਵਿੱਚ ਲਾਈਟਾਂ ਬੰਦ ਰੱਖਣਾ ਕਿਉਂ ਜ਼ਰੂਰੀ ਹੈ? ਮੌਕ ਡਰਿੱਲ ਕਰਨ ਸਬੰਧੀ ਕੈਂਟ ਬੋਰਡ ਫਿਰੋਜ਼ਪੁਰ ਵੱਲੋਂ ਬਕਾਇਦਾ ਤੌਰ ’ਤੇ ਭਾਰਤੀ ਸੇਨਾ, ਪੁਲਸ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ।
ਸੰਪਰਕ ਕਰਨ ’ਤੇ ਕੈਂਟ ਬੋਰਡ ਦੇ ਅਧਿਕਾਰੀਆਂ ਨੇ ਕਿਹਾ ਕਿ ਲੋਕਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਅਤੇ ਇਸ ਵੇਲੇ ਜੰਗ ਦਾ ਕੋਈ ਖ਼ਤਰਾ ਨਹੀਂ ਹੈ ਪਰ ਫਿਰ ਵੀ ਸਾਨੂੰ ਸਾਰਿਆਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ