ਅੰਮ੍ਰਿਤਸਰ: ਬਿਆਸ ਦੇ ਨਜ਼ਦੀਕ ਨੰਗਲ ਪਿੰਡ ‘ਚ ਚੱਲ ਰਹੀ ਨਾਜਾਇਜ਼ ਪਟਾਕਾ ਫੈਕਟਰੀ ਵਿਚ ਹੋਏ ਬਲਾਸਟ ਦੇ ਚਲਦੇ ਇਕੋ ਪਰਿਵਾਰ ਦੇ ਚਾਰ ਚਿਰਾਗ ਬੁਝਣ ਦੇ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਦੇ ਨਾਲ ਪਿੰਡ ‘ਚ ਮਾਤਮ ਦਾ ਮਾਹੌਲ ਬਣਿਆ ਹੈ, ਉਥੇ ਹੀ ਲੋਕਾਂ ‘ਚ ਅਜਿਹੀਆਂ ਬਿਨਾਂ ਲਾਇਸੈਂਸ ਚਲ ਰਹੀਆਂ ਪਟਾਕਾ ਫੈਕਟਰੀਆਂ ਨੂੰ ਲੈ ਕੇ ਭਾਰੀ ਰੋਸ ਦਿਖਾਈ ਦੇ ਰਿਹਾ ਹੈ।
ਇਸ ਸੰਬਧੀ ਗੱਲਬਾਤ ਕਰਦਿਆਂ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਪਿੰਡ ਨੰਗਲ ਵਿਚ ਚੱਲ ਰਹੀ ਬਿਨਾਂ ਲਾਇਸੈਂਸ ਦੀ ਪਟਾਕਾ ਫੈਕਟਰੀ ਵਿਚ ਬਲਾਸਟ ਹੋਣ ਨਾਲ ਇਕੋ ਸੰਯੁਕਤ ਪਰਿਵਾਰ ਦੇ ਚਾਰ ਮੁੰਡਿਆਂ ਦੀ ਮੌਤ ਅਤੇ ਇਕ ਦੇ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ । ਉਨ੍ਹਾਂ ਇਹ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ, ਜਿਸ ਨੇ ਪਿੰਡ ਵਿਚ ਮਾਤਮ ਦਾ ਮਾਹੌਲ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਅਜਿਹੀ ਘਟਨਾ ਵਾਪਰਨ ਤੋਂ ਬਾਅਦ ਵੀ ਫੈਕਟਰੀ ਚਲਾਉਣ ਵਾਲੀ ਮਹਿਲਾ ਵੱਲੋਂ ਇਸ ਦੁਖੀ ਅਤੇ ਪੀੜਤ ਪਰਿਵਾਰ ਦੀ ਸਾਰ ਲੈਣ ਦੀ ਜਗ੍ਹਾ ਘਰੋਂ ਫਰਾਰ ਹੋ ਗਏ ਹਨ। ਪੁਲਸ ਵੱਲੋਂ ਐੱਫ. ਆਈ. ਆਰ. ਦਰਜ ਕੀਤੀ ਹੋਈ ਹੈ ਪਰ ਅਜਿਹੀਆਂ ਬਿਨਾਂ ਲਾਇਸੈਂਸ ਤੋਂ ਚੱਲ ਰਹੀਆਂ ਫੈਕਟਰੀਆਂ ‘ਤੇ ਪੰਜਾਬ ਸਰਕਾਰ ਨੂੰ ਰੋਕ ਲਾਉਣ ਦੀ ਲੋੜ ਹੈ ਤਾਂ ਜੋ ਕਿਸੇ ਹੋਰ ਪਰਿਵਾਰ ਦਾ ਚਿਰਾਗ ਨਾ ਬੁਝੇ।