ਮੁੰਬਈ- ਮਹਾਰਾਸ਼ਟਰ ‘ਚ ਬੁੱਧਵਾਰ ਨੂੰ ਮੁੰਬਈ ਦੇ ਤੱਟ ‘ਤੇ ਇਕ ਕਿਸ਼ਤੀ ਪਲਟਣ ਕਾਰਨ ਉਸ ਵਿਚ ਸਵਾਰ ਦੋ ਲੋਕਾਂ ਦੀ ਮੌਤ ਹੋ ਗਈ ਜਦਕਿ 75 ਹੋਰਾਂ ਨੂੰ ਬਚਾ ਲਿਆ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਕਈ ਲੋਕ ਅਜੇ ਵੀ ਲਾਪਤਾ ਹਨ ਅਤੇ ਉਨ੍ਹਾਂ ਦੀ ਭਾਲ ਜਾਰੀ ਹੈ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਹਾਦਸੇ ਦੇ ਸਮੇਂ ਨੀਲਕਮਲ ਨਾਂ ਦੀ ਕਿਸ਼ਤੀ ‘ਤੇ 80 ਯਾਤਰੀ ਅਤੇ ਚਾਲਕ ਦਲ ਦੇ 5 ਮੈਂਬਰ ਸਵਾਰ ਸਨ।
ਉਨ੍ਹਾਂ ਨੇ ਦੱਸਿਆ ਕਿ ਕਿਸ਼ਤੀ ਮੁੰਬਈ ਨੇੜੇ ਸਥਿਤ ਪ੍ਰਸਿੱਧ ਸੈਰ-ਸਪਾਟਾ ਸਥਾਨ ‘ਐਲੀਫੈਂਟਾ’ ਟਾਪੂ ‘ਤੇ ਜਾ ਰਹੀ ਸੀ, ਜਦੋਂ ਸ਼ਾਮ ਕਰੀਬ 4 ਵਜੇ ਇਕ ਸਪੀਡ ਬੋਟ ਉਸ ਨਾਲ ਟਕਰਾ ਗਈ। ਘਟਨਾ ਦੀ ਕਥਿਤ ਵੀਡੀਓ ਵਾਇਰਲ ਹੋਈ ਹੈ। ਇੱਕ ਸਥਾਨਕ ਆਗੂ ਨੇ ਦਾਅਵਾ ਕੀਤਾ ਕਿ ਸਪੀਡ ਬੋਟ ਜਲ ਸੈਨਾ ਦੀ ਸੀ ਪਰ ਜਲ ਸੈਨਾ ਵੱਲੋਂ ਕੋਈ ਪੁਸ਼ਟੀ ਨਹੀਂ ਕੀਤੀ ਗਈ। ਰੱਖਿਆ ਮੰਤਰਾਲੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਜਲ ਸੈਨਾ ਅਤੇ ਤੱਟ ਰੱਖਿਅਕਾਂ ਨੇ ਘਟਨਾ ਵਾਲੀ ਥਾਂ ‘ਤੇ ਵੱਡੇ ਪੱਧਰ ‘ਤੇ ਰਾਹਤ ਅਤੇ ਬਚਾਅ ਮੁਹਿੰਮ ਸ਼ੁਰੂ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਜਲ ਸੈਨਾ ਦੀਆਂ 11 ਕਿਸ਼ਤੀਆਂ, ਸਮੁੰਦਰੀ ਪੁਲਸ ਦੀਆਂ 3 ਕਿਸ਼ਤੀਆਂ ਅਤੇ ਤੱਟ ਰੱਖਿਅਕਾਂ ਦੀ 1 ਕਿਸ਼ਤੀ ਬਚਾਅ ਕਾਰਜ ਵਿੱਚ ਵਰਤੀ ਜਾ ਰਹੀ ਹੈ। ਅਧਿਕਾਰੀ ਨੇ ਦੱਸਿਆ ਕਿ ਖੋਜ ਅਤੇ ਬਚਾਅ ਕਾਰਜਾਂ ਲਈ ਚਾਰ ਹੈਲੀਕਾਪਟਰਾਂ ਦੀ ਮਦਦ ਵੀ ਲਈ ਜਾ ਰਹੀ ਹੈ। ਅਧਿਕਾਰੀ ਨੇ ਦੱਸਿਆ ਕਿ ਪੁਲਸ, ਜਵਾਹਰ ਲਾਲ ਨਹਿਰੂ ਪੋਰਟ ਅਥਾਰਟੀ ਦੇ ਕਰਮਚਾਰੀ ਅਤੇ ਖੇਤਰ ਦੇ ਮਛੇਰੇ ਵੀ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਸ਼ਾਮਲ ਹਨ।