ਨੈਸ਼ਨਲ : ਦੇਸ਼ ਇਸ ਸਮੇਂ ਬੰਬ ਦੀਆਂ ਮਿਲ ਰਹੀਆਂ ਧਮਕੀਆਂ ਤੋਂ ਪ੍ਰੇਸ਼ਾਨ ਹੈ। ਹਾਲ ਹੀ ‘ਚ ਦਿੱਲੀ ‘ਚ ਸਕੂਲਾਂ ਅਤੇ ਫਲਾਈਟਾਂ ਤੋਂ ਬਾਅਦ ਆਂਧਰਾ ਪ੍ਰਦੇਸ਼ ਦੇ ਤਿਰੂਪਤੀ ‘ਚ ਹੋਟਲਾਂ ਨੂੰ ਬੰਬ ਦੀ ਧਮਕੀ ਮਿਲੀ ਸੀ। ਤਿੰਨ ਦਿਨ ਬਾਅਦ ਤਿਰੂਪਤੀ ਵਿੱਚ ਵੀ ਇਸਕਾਨ ਮੰਦਰ ਨੂੰ ਬੰਬ ਨਾਲ ਉਡਾਉਣ ਦੀ ਚੇਤਾਵਨੀ ਦਿੱਤੀ ਗਈ ਸੀ। ਧਮਕੀ ਮਿਲਦੇ ਹੀ ਪੁਲਸ ਅਤੇ ਮੰਦਰ ਪ੍ਰਸ਼ਾਸਨ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਤੁਰੰਤ ਫਾਇਰ ਬ੍ਰਿਗੇਡ, ਪੁਲਸ ਟੀਮਾਂ, ਬੰਬ ਨਿਰੋਧਕ ਦਸਤੇ (ਬੀਡੀਐੱਸ) ਅਤੇ ਡੌਗ ਸਕੁਐਡ ਨਾਲ ਮੰਦਰ ਦੀ ਥਾਂ-ਥਾਂ ਤਲਾਸ਼ੀ ਲਈ ਗਈ ਪਰ ਮੰਦਰ ਦੇ ਅਹਾਤੇ ਵਿੱਚੋਂ ਕੋਈ ਵਿਸਫੋਟਕ ਨਹੀਂ ਮਿਲਿਆ। ਇਸ ਤੋਂ ਬਾਅਦ ਮੰਦਰ ਦੀ ਸੁਰੱਖਿਆ ਨੂੰ ਹੋਰ ਵਧਾ ਦਿੱਤਾ ਗਿਆ ਹੈ ਅਤੇ ਹਰ ਆਉਣ ਵਾਲੇ ਦੀ ਸਖਤੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਰਿਪੋਰਟ ਮੁਤਾਬਕ ਇਸਕਾਨ ਮੰਦਰ ਦੇ ਸਟਾਫ ਨੂੰ 27 ਅਕਤੂਬਰ ਨੂੰ ਇੱਕ ਈਮੇਲ ਮਿਲੀ, ਜਿਸ ਵਿੱਚ ਕਿਹਾ ਗਿਆ ਸੀ ਕਿ ਪਾਕਿਸਤਾਨ ਦੀ ਆਈਐੱਸਆਈ ਨਾਲ ਜੁੜੇ ਅੱਤਵਾਦੀ ਮੰਦਰ ਨੂੰ ਉਡਾ ਦੇਣਗੇ। ਧਮਕੀ ਮਿਲਣ ਤੋਂ ਬਾਅਦ ਬੰਬ ਨਿਰੋਧਕ ਟੀਮ ਅਤੇ ਡੌਗ ਸਕੁਐਡ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਤਲਾਸ਼ੀ ਮੁਹਿੰਮ ਚਲਾਈ ਪਰ ਉਥੋਂ ਕੋਈ ਇਤਰਾਜ਼ਯੋਗ ਚੀਜ਼ ਬਰਾਮਦ ਨਹੀਂ ਹੋਈ। ਇਸ ਤੋਂ ਬਾਅਦ ਪੁਲਸ ਨੇ ਇਸ ਧਮਕੀ ਨੂੰ ਫਰਜ਼ੀ ਕਰਾਰ ਦਿੱਤਾ ਹੈ ਅਤੇ ਈਮੇਲ ਆਈਡੀ ਨੂੰ ਟਰੇਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।