ਨੈਸ਼ਨਲ- ਯੋਗ ਗੁਰੂ ਰਾਮਦੇਵ ਨੇ ਭਾਰਤੀ ਲੋਕਾਂ ਨੂੰ ਅਮਰੀਕੀ ਉਤਪਾਦਾਂ ਦਾ ਬਾਈਕਾਟ ਕਰਨ ਦਾ ਸੱਦਾ ਦਿੱਤਾ ਹੈ। ਉਨ੍ਹਾਂ ਦਾ ਇਹ ਬਿਆਨ ਭਾਰਤ ’ਤੇ 50 ਫੀਸਦੀ ਟੈਰਿਫ ਲਾਗੂ ਹੋਣ ਤੋਂ ਬਾਅਦ ਆਇਆ ਹੈ।
ਰਾਮਦੇਵ ਨੇ ਅਮਰੀਕਾ ਦੇ ਇਸ ਕਦਮ ਨੂੰ ‘ਗੁੰਡਾਗਰਦੀ ਅਤੇ ਤਾਨਾਸ਼ਾਹੀ’ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਭਾਰਤੀ ਪੈਪਸੀ, ਕੋਕਾ-ਕੋਲਾ, ਕੇ. ਐੱਫ. ਸੀ. ਅਤੇ ਮੈਕਡੋਨਲਡ ਵਰਗੀਆਂ ਅਮਰੀਕੀ ਕੰਪਨੀਆਂ ਦੇ ਉਤਪਾਦ ਖਰੀਦਣਾ ਬੰਦ ਕਰ ਦੇਣ ਤਾਂ ਅਮਰੀਕਾ ’ਚ ਹਾਹਾਕਾਰ ਮਚ ਜਾਵੇਗੀ।
ਰਾਮਦੇਵ ਨੇ ਕਿਹਾ ਕਿ ਪੈਪਸੀ, ਕੋਕਾ-ਕੋਲਾ, ਸਬਵੇਅ, ਕੇ.ਐੱਫ.ਸੀ. ਜਾਂ ਮੈਕਡੋਨਲਡ ਵਰਗੇ ਅਮਰੀਕੀ ਬ੍ਰਾਂਡਾਂ ਦੇ ਕਾਊਂਟਰਾਂ ’ਤੇ ਇਕ ਵੀ ਭਾਰਤੀ ਨਹੀਂ ਦਿਸਣਾ ਚਾਹੀਦਾ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਅਮਰੀਕਾ ’ਚ ਹਾਹਾਕਾਰ ਮਚ ਜਾਵੇਗੀ ਅਤੇ ਮਹਿੰਗਾਈ ਇੰਨੀ ਵਧ ਜਾਵੇਗੀ ਕਿ ਟਰੰਪ ਨੂੰ ਖੁਦ ਇਹ ਟੈਰਿਫ ਵਾਪਸ ਲੈਣਾ ਪਵੇਗਾ। ਰਾਮਦੇਵ ਨੇ ਇਹ ਵੀ ਕਿਹਾ ਕਿ ਟਰੰਪ ਨੇ ਭਾਰਤ ਵਿਰੁੱਧ ਜਾ ਕੇ ਇਕ ਵੱਡੀ ਗਲਤੀ ਕੀਤੀ ਹੈ।