ਬ੍ਰਾਜ਼ੀਲ ਦੇ ਦੱਖਣੀ ਰੀਓ ਗ੍ਰਾਂਡੇ ਡੋ ਸੁਲ ਰਾਜ ਵਿੱਚ ਹੜ੍ਹਾਂ ਕਾਰਨ ਘੱਟੋ-ਘੱਟ 143 ਲੋਕਾਂ ਦੀ ਮੌਤ ਹੋਣ ਦੇ ਦੋ ਹਫ਼ਤਿਆਂ ਤੋਂ ਵੀ ਘੱਟ ਸਮੇਂ ਬਾਅਦ, ਸੂਬੇ ’ਚ ਇੱਕ ਵਾਰ ਫਿਰ ਅਲਰਟ ਜਾਰੀ ਕੀਤਾ ਗਿਆ ਹੈ। ਕਿਉਂਕਿ ਇੱਥੇ ਇੱਕ ਵਾਰ ਫਿਰ ਤੋਂ ਪਾਣੀ ਦੇ ਰਿਕਾਰਡ ਪੱਧਰ ਤੱਕ ਵਧਣ ਦਾ ਖਤਰਾ ਪੈਦਾ ਹੋ ਗਿਆ ਹੈ। ਸਰਕਾਰੀ ਅੰਕੜਿਆਂ ਮੁਤਾਬਕ ਸ਼ੁੱਕਰਵਾਰ ਤੋਂ ਭਾਰੀ ਮੀਂਹ ਕਾਰਨ ਰਾਜਧਾਨੀ ਪੋਰਟੋ ਅਲੇਗਰੇ ਤੋਂ ਲਗਭਗ 100 ਕਿਲੋਮੀਟਰ ਪੱਛਮ ਵਿੱਚ ਚਾਰ ਨਦੀਆਂ ਦਾ ਪਾਣੀ ਉਫ਼ਾਨ ’ਤੇ ਹੈ। ਪੋਰਟੋ ਅਲੇਗਰੇ ਦੇ ਕੰਢੇ ‘ਤੇ ਸਥਿਤ ਗੁਆਇਬਾ ਝੀਲ ਪਹਿਲਾਂ ਹੀ ਕਈ ਥਾਵਾਂ ‘ਤੇ ਵਹਿ ਰਹੀ ਹੈ ਅਤੇ ਤੇਜ਼ੀ ਨਾਲ ਪਾਣੀ ਦਾ ਪੱਧਰ ਵਧਾ ਰਹੀ ਹੈ।
ਦਰਅਸਲ ਸੂਬੇ ਵਿੱਚ 29 ਅਪ੍ਰੈਲ ਤੋਂ ਭਾਰੀ ਮੀਂਹ ਪੈ ਰਿਹਾ ਹੈ। ਤੂਫਾਨ, ਜ਼ਮੀਨ ਖਿਸਕਣ ਅਤੇ ਹੜ੍ਹਾਂ ਨੇ ਰਾਜ ਦੇ 497 ਸ਼ਹਿਰਾਂ ਵਿੱਚੋਂ 446 ਸ਼ਹਿਰਾਂ ਵਿੱਚ 538,000 ਤੋਂ ਵੱਧ ਲੋਕਾਂ ਨੂੰ ਘਰ ਛੱਡਣ ਲਈ ਮਜਬੂਰ ਕਰ ਦਿੱਤਾ ਅਤੇ 81,000 ਲੋਕ ਬੇਘਰ ਹੋ ਗਏ। ਹਾਂਲਾਕਿ ਹੁਣ ਟਾਕਵਾੜੀ ਨਦੀ ਘਾਟੀ ਦੇ ਨੇੜੇ ਜਦੋਂ ਵਸਨੀਕ ਆਪਣੇ ਘਰਾਂ ਨੂੰ ਪਰਤਣ ਦੀ ਕੋਸ਼ਿਸ਼ ਕਰ ਰਹੇ ਸੀ ਤਾਂ ਨਦੀ ’ਚ ਪਾਣੀ ਵਧਣ ਦੇ ਖ਼ਤਰੇ ਕਾਰਨ ਫਿਰ ਤੋਂ ਸਥਾਨਕ ਵਾਸੀਆਂ ਨੂੰ ਇਲਾਕਾ ਖਾਲੀ ਕਰਨ ਲਈ ਕਿਹਾ ਗਿਆ ਹੈ।