ਹਰਿਦੁਆਰ- ਉੱਤਰਾਖੰਡ ਦੇ ਹਰਿਦੁਆਰ ’ਚ ਗਣੇਸ਼ ਪੁਲ ਨੇੜੇ ਪੀਰ ਬਾਬਾ ਕਾਲੋਨੀ ਤੋਂ ਸਟੇਸ਼ਨ ਤੱਕ ਜਾਣ ਲਈ ਬਣਾਇਆ ਜਾ ਰਿਹਾ ਫੁੱਟ ਓਵਰਬ੍ਰਿਜ ਟੁੱਟ ਕੇ ‘ਗੰਗ ਨਹਿਰ’ ਚ ਜਾ ਡਿੱਗਾ। ਇਸ ਫੁੱਟ ਓਵਰਬ੍ਰਿਜ ਦੇ ਡਿੱਗਣ ਪਿੱਛੋਂ 2012 ’ਚ ਵਾਪਰੇ ਪੁਲ ਹਾਦਸੇ ਦੀਆਂ ਯਾਦਾਂ ਤਾਜ਼ਾ ਹੋ ਗਈਆਂ। ਖੁਸ਼ਕਿਸਮਤੀ ਨਾਲ ਇਸ ਪੁਲ ਦੇ ਡਿੱਗਣ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਹਲਕਾ ਵਿਧਾਇਕ ਪ੍ਰਦੀਪ ਬੱਤਰਾ ਦੀ ਤਜਵੀਜ਼ ’ਤੇ ਮੁੱਖ ਮੰਤਰੀ ਦੇ ਐਲਾਨ ਪਿੱਛੋਂ ਰੇਲਵੇ ਸਟੇਸ਼ਨ ਨੂੰ ਰੁੜਕੀ ਦੀ ਪੀਰ ਬਾਬਾ ਕਾਲੋਨੀ ਨਾਲ ਜੋੜਨ ਲਈ ਉਕਤ ਪੁਲ ਦੀ ਉਸਾਰੀ ਕੀਤੀ ਜਾ ਰਹੀ ਸੀ। ਇਸ ਪੁਲ ਨੂੰ ਬਣਾਉਣ ਦੀ ਜ਼ਿੰਮੇਵਾਰੀ ਲੋਕ ਨਿਰਮਾਣ ਵਿਭਾਗ ਨੂੰ ਮਿਲੀ ਸੀ। ਪੁਲ ਦਾ ਢਾਂਚਾ ਠੇਕੇਦਾਰ ਵੱਲੋਂ ਤਿਆਰ ਕਰ ਕੇ ‘ਗੰਗ ਨਹਿਰ’ ਉੱਪਰ ਬੰਨ੍ਹ ਦਿੱਤਾ ਗਿਆ ਸੀ। ਖੁਸ਼ਕਿਸਮਤੀ ਇਹ ਵੀ ਰਹੀ ਕਿ ਡਿੱਗਣ ਸਮੇਂ ਪੁਲ ’ਤੇ ਕੋਈ ਵੀ ਮਜ਼ਦੂਰ ਕੰਮ ਨਹੀਂ ਕਰ ਰਿਹਾ ਸੀ।
ਮੁੱਖ ਮੰਤਰੀ ਦੇ ਐਲਾਨ ਤਹਿਤ ਰੁੜਕੀ ਵਿਚ ਪੀਰ ਬਾਬਾ ਕਾਲੋਨੀ ਤੋਂ ਰੇਲਵੇ ਸਟੇਸ਼ਨ ਨੂੰ ਜੋੜਨ ਲਈ ਫੁੱਟ ਬ੍ਰਿਜ ਦਾ ਨਿਰਮਾਣ ਕੀਤਾ ਜਾ ਰਿਹਾ ਸੀ। ਇਸ ਦਾ ਨੀਂਹ ਪੱਥਰ 2023 ‘ਚ ਮੁੱਖ ਮੰਤਰੀ ਵਲੋਂ ਕੀਤਾ ਗਿਆ ਸੀ। 3.97 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਇਸ ਪੁਲ ਦੀ ਜ਼ਿੰਮੇਵਾਰੀ ਰੁੜਕੀ ਲੋਕ ਨਿਰਮਾਣ ਵਿਭਾਗ ਨੂੰ ਦਿੱਤੀ ਗਈ ਸੀ। ਹਾਲ ਹੀ ‘ਚ ਦੀਵਾਲੀ ਤੋਂ ਪਹਿਲਾਂ ਗੰਗ ਨਹਿਰ ਬੰਦ ਹੋਣ ‘ਤੇ ਉਸਾਰੀ ਕੰਮ ਤੇਜ਼ੀ ਨਾਲ ਸ਼ੁਰੂ ਕਰ ਦਿੱਤਾ ਗਿਆ ਸੀ।