ਬੀਜਿੰਗ- ਚੀਨ ‘ਚ ਸ਼ੁੱਕਰਵਾਰ ਨੂੰ ਇਕ ਵੱਡੀ ਨਦੀ ‘ਤੇ ਨਿਰਮਾਣ ਅਧੀਨ ਰੇਲਵੇ ਪੁਲ ਡਿੱਗਣ ਨਾਲ ਘੱਟੋ-ਘੱਟ 12 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਲਾਪਤਾ ਹੋ ਗਏ। ਇਹ ਜਾਣਕਾਰੀ ਸਰਕਾਰੀ ਮੀਡੀਆ ਦੀ ਖ਼ਬਰ ‘ਚ ਦਿੱਤੀ ਗਈ ਹੈ। ਚੀਨ ਦੀ ਸਰਕਾਰੀ ਖ਼ਬਰ ਏਜੰਸੀ ‘ਸ਼ਿਨਹੂਆ’ ਵੱਲੋਂ ਜਾਰੀ ਕੀਤੀ ਗਈ ਤਸਵੀਰ ‘ਚ ਪੁਲ ਦੇ ਵਕਰਦਾਰ ਨੀਲੇ ਆਰਕ ਦਾ ਇਕ ਵੱਡਾ ਹਿੱਸਾ ਗਾਇਬ ਹੈ। ਇਸ ਤਸਵੀਰ ‘ਚ ਪੁਲ ਦਾ ਇਕ ਮੁੜਿਆ ਹੋਇਆ ਹਿੱਸਾ ਹੇਠਾਂ ਪੀਲੀ ਨਦੀ ‘ਚ ਲਟਕਦਾ ਦਿਖਾਈ ਦੇ ਰਿਹਾ ਹੈ।
ਸ਼ਿਨਹੂਆ ਦੇ ਅਨੁਸਾਰ, ਸ਼ੁੱਕਰਵਾਰ ਰਾਤ ਨੂੰ ਲਗਭਗ 3 ਵਜੇ ਉੱਤਰ-ਪੱਛਮੀ ਚੀਨ ਦੇ ਕਿੰਗਹਾਈ ਪ੍ਰਾਂਤ ‘ਚ ਇਕ ਪੁਲ ‘ਤੇ 16 ਮਜ਼ਦੂਰ ਕੰਮ ਕਰ ਰਹੇ ਸਨ, ਉਦੋਂ ਇਕ ਸਟੀਲ ਦੀ ਤਾਰ ਟੁੱਟ ਗਈ, ਜਿਸ ਕਾਰਨ ਉਹ (ਮਜ਼ਦੂਰ) ਨਦੀ ‘ਚ ਡਿੱਗ ਗਏ। ਸ਼ਿਨਹੂਆ ਦੇ ਅਨੁਸਾਰ, ਕਿਸ਼ਤੀਆਂ, ਹੈਲੀਕਾਪਟਰਾਂ ਅਤੇ ਰੋਬੋਟਾਂ ਦੀ ਮਦਦ ਨਾਲ ਲਾਪਤਾ ਮਜ਼ਦੂਰਾਂ ਦੀ ਭਾਲ ਕੀਤੀ ਜਾ ਰਹੀ ਹੈ। ਅੰਗਰੇਜ਼ੀ ਭਾਸ਼ਾ ਦੇ ਅਖਬਾਰ ‘ਚਾਈਨਾ ਡੇਲੀ’ ਦੇ ਅਨੁਸਾਰ, ਇਹ ਪੁਲ 1.6 ਕਿਲੋਮੀਟਰ ਲੰਬਾ ਹੈ ਅਤੇ ਨਦੀ ਦੀ ਸਤ੍ਹਾ ਤੋਂ 55 ਮੀਟਰ ਉੱਪਰ ਹੈ।