ਬ੍ਰਿਟਿਸ਼ ਹਸਪਤਾਲਾਂ ਨੂੰ ਸਾਈਬਰ ਹਮਲੇ ਕਾਰਨ ਖੂਨ ਦੀ ਸਪਲਾਈ ਵਿੱਚ ਬੇਮਿਸਾਲ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਿਹਤ ਅਧਿਕਾਰੀਆਂ ਵੱਲੋਂ ਬਲੱਡ ਬੈਂਕ ’ਚ ਮੌਜੂਦ ਖੂਨ ਦੀ ਵਰਤੋਂ ‘ਤੇ ਸੀਮਾ ਲਗਾਈ ਗਈ ਹੈ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਖੂਨਦਾਨ ਕਰਨ ਦੀ ਅਪੀਲ ਕੀਤੀ ਹੈ। ਦਰਅਸਲ ਬ੍ਰਿਟੇਨ ਦੀ ਰਾਜ ਦੁਆਰਾ ਫੰਡ ਪ੍ਰਾਪਤ ਨੈਸ਼ਨਲ ਹੈਲਥ ਸਰਵਿਸ ਵੱਲੋਂ ਲੰਡਨ ਦੇ ਪ੍ਰਮੁੱਖ ਹਸਪਤਾਲ ਚਲਾਏ ਜਾਂਦੇ ਹਨ, ਜਿੰਨਾਂ ਦੇ ਟੈਸਟਿੰਗ ਸੇਵਾ ਪ੍ਰਦਾਤਾ ਸਿਨੋਵਿਸ ‘ਤੇ 3 ਜੂਨ ਦੇ ਰੈਨਸਮਵੇਅਰ ਹਮਲੇ ਤੋਂ ਬਾਅਦ ਮੁਸ਼ਕਿਲਾਂ ਖੜੀਆਂ ਹੋ ਗਈਆਂ ਹਨ।
ਇਸ ਹਮਲੇ ਕਾਰਨ ਹਜ਼ਾਰਾਂ ਲੋਕ ਖੂਨਦਾਨ ਲਈ ਅਪਾਇੰਟਮੈਂਟ ਵੀ ਨਹੀਂ ਲੈ ਸਕੇ। ਬਲੱਡ ਐਂਡ ਟ੍ਰਾਂਸਪਲਾਂਟ ਦੇ ਮੁੱਖ ਕਾਰਜਕਾਰੀ ਜੋਏ ਫਰਾਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਸਾਨੂੰ ਤੁਰੰਤ ਹੋਰ ਓ ਗਰੁੱਪ ਦਾਨੀਆਂ ਦੀ ਲੋੜ ਹੈ ਜੋ ਅੱਗੇ ਆਉਣ ਅਤੇ ਉਹਨਾਂ ਮਰੀਜ਼ਾਂ ਦੇ ਇਲਾਜ ਕਰਨ ਲਈ ਸਟਾਕ ਨੂੰ ਵਧਾਉਣ ਵਿੱਚ ਮਦਦ ਕਰਨ ਜਿਨ੍ਹਾਂ ਨੂੰ ਇਲਾਜ ਦੀ ਜ਼ਰੂਰਤ ਹੈ।