ਮੋਹਾਲੀ –ਬਲੌਂਗੀ ਥਾਣਾ ਖੇਤਰ ’ਚ ਦੋਸਤਾਂ ਨਾਲ ਦੁਸਹਿਰਾ ਮੇਲਾ ਦੇਖਣ ਆਏ ਨੌਜਵਾਨ ’ਤੇ ਛੁਰੇ ਤੇ ਰਾਡ ਨਾਲ ਜਾਨਲੇਵਾ ਹਮਲਾ ਕਰ ਕੇ ਉਸ ਨੂੰ ਲਹੂ-ਲੁਹਾਨ ਕਰ ਦਿੱਤਾ। ਜ਼ਖ਼ਮੀ ਦੀ ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੂਰਜ ਵਜੋਂ ਹੋਈ ਹੈ। ਬਲੌਂਗੀ ਥਾਣਾ ਪੁਲਸ ਨੇ 6 ਤੋਂ 7 ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਕੁਝ ਨੌਜਵਾਨਾਂ ਨੂੰ ਹਿਰਾਸਤ ’ਚ ਲਿਆ ਹੈ। ਮੁੱਢਲੀ ਜਾਂਚ ’ਚ ਪੁਲਸ ਨੂੰ ਵਾਰਦਾਤ ਨੂੰ ਅੰਜਾਮ ਦੇਣ ਦਾ ਮੁੱਖ ਕਾਰਨ ਰੰਜਿਸ਼ ਹੀ ਲੱਗ ਰਿਹਾ ਹੈ। ਪੁਲਸ ਅਪਰਾਧ ਕਰਨ ਦੇ ਕਾਰਨਾਂ ਤੇ ਮੁਲਜ਼ਮਾਂ ਦੀ ਪਛਾਣ ਕਰਨ ਲਈ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਪੁਲਸ ਅਧਿਕਾਰੀਆਂ ਦਾ ਦਾਅਵਾ ਹੈ ਕਿ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਜਾਣਕਾਰੀ ਦਿੰਦਿਆਂ ਮ੍ਰਿਤਕ ਸੂਰਜ ਦੇ ਭਰਾ ਸਚਿਨ ਨੇ ਦੱਸਿਆ ਕਿ ਸੂਰਜ ਕੁਝ ਦੋਸਤਾਂ ਤੇ ਸਾਥੀ ਲੜਕੀਆਂ ਨਾਲ ਬਲੌਂਗੀ ’ਚ ਦੁਸਹਿਰਾ ਮੇਲਾ ਦੇਖਣ ਗਿਆ ਸੀ। ਉਹ ਆਪਣੇ ਦੋਸਤਾਂ ਨਾਲ ਝੂਲੇ ਲੈਣ ਲੱਗ ਪਿਆ। ਜਿਵੇਂ ਹੀ ਉਹ ਝੂਲੇ ਤੋਂ ਹੇਠਾਂ ਉਤਰਿਆ ਤਾਂ ਅਚਾਨਕ ਉੱਥੇ ਮੌਜੂਦ ਕੁਝ ਨੌਜਵਾਨਾਂ ਨੇ ਉਸ ’ਤੇ ਰਾਡ ਤੇ ਛੁਰੇ ਨਾਲ ਹਮਲਾ ਕਰ ਦਿੱਤਾ। ਸੂਰਜ ਨੂੰ ਬੁਰੀ ਤਰ੍ਹਾਂ ਲਹੂ-ਲੁਹਾਣ ਕਰ ਕੇ ਸਾਰੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਜਦਕਿ ਆਸ-ਪਾਸ ਦੇ ਲੋਕਾਂ ਨੇ ਉਸ ਨੂੰ ਤੁਰੰਤ ਫੇਜ਼-6 ਦੇ ਹਸਪਤਾਲ ਪਹੁੰਚਾਇਆ। ਜਿੱਥੇ ਉਸ ਦੀ ਹਾਲਤ ਵਿਗੜਦੀ ਦੇਖ ਡਾਕਟਰਾਂ ਨੇ ਉਸ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ। ਹਸਪਤਾਲ ’ਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।