ਪੰਜਾਬ ’ਚ ਸੱਤਵੇਂ ਅਤੇ ਅਖੀਰਲੇ ਪੜਾਅ ਤਹਿਤ 1 ਜੂਨ ਨੂੰ ਚੋਣਾਂ ਹੋਣੀਆਂ ਹਨ। ਇਸ ਵਿਚਾਲੇ ਪਾਰਟੀ ਦੇ ਸਟਾਰ ਪ੍ਰਚਾਰਕਾਂ ਵੱਲੋਂ ਪੰਜਾਬ ’ਚ ਆਪਣੇ ਉਮੀਦਵਾਰਾਂ ਦੇ ਹੱਕ ਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਲੜੀ ਤਹਿਤ ਬਹੁਜਨ ਸਮਾਜ ਪਾਰਟੀ (ਬਸਪਾ) ਦੀ ਸੁਪਰੀਮੋ ਕੁਮਾਰੀ ਮਾਇਆਵਤੀ ਅੱਜ ਪੰਜਾਬ ਪਹੁੰਚੇ। ਜਿੱਥੇ ਉਨ੍ਹਾਂ ਨੇ ਨਵਾਂਸ਼ਹਿਰ ’ਚ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਸੀਟ ਤੋਂ ਬਸਪਾ ਉਮੀਦਵਾਰ ਅਤੇ ਸੂਬਾ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਦੇ ਹੱਕ ਵਿੱਚ ਚੋਣ ਰੈਲ੍ਹੀ ਨੂੰ ਸੰਬੋਧਨ ਕੀਤਾ।
ਰੈਲ੍ਹੀ ਨੂੰ ਸੰਬੋਧਨ ਕਰਦੇ ਹੋਏ ਮਾਇਵਤੀ ਨੇ ਲੋਕਾਂ ਨੂੰ ਤਾਕੀਦ ਕੀਤੀ ਕਿ ਕਿਸੇ ਨੂੰ ਵੀ ਪਾਰਟੀਆਂ ਦੇ ਚੋਣ ਮਨੋਰਥ ਪੱਤਰ ਜਾਂ ਗਾਰੰਟੀਆਂ ’ਚ ਨਹੀਂ ਆਉਣਾ ਚਾਹੀਦਾ। ਕਿਉਂਕਿ ਚੋਣਾਂ ਤੋਂ ਬਾਅਦ ਇਹ ਸਿਰਫ ਇੱਕ ਬਿਆਨ ਹੀ ਸਾਬਿਤ ਹੁੰਦਾ। ਪਾਰਟੀਆਂ ਇਨ੍ਹਾਂ ਨੂੰ ਮੈਨੀਫੈਸਟੋ ਨੂੰ ਲਾਗੂ ਨਹੀਂ ਕਰਦੀਆਂ। ਇਸੇ ਲਈ ਬਸਪਾ ਕਿਸੇ ਵੀ ਕਿਸਮ ਦਾ ਚੋਣ ਮੈਨੀਫੈਸਟੋ ਜਾਰੀ ਨਹੀਂ ਕਰਦੀ। ਬਲਕਿ ਚੀਜ਼ਾਂ ਨੂੰ ਤੁਰੰਤ ਪੂਰਾ ਕਰਨ ਵਿੱਚ ਵਿਸ਼ਵਾਸ ਰੱਖਦੀ ਹੈ।
ਇਸ ਦੇ ਨਾਲ ਹੀ ਮਾਇਵਤੀ ਨੇ ਵਿਰੋਧੀ ਪਾਰਟੀ ਭਾਜਪਾ ਅਤੇ ਆਰਐੱਸਐੱਸ ’ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਭਾਜਪਾ ਅਤੇ ਆਰਐੱਸਐੱਸ ਦੇ ਲੋਕ ਪਿੰਡਾਂ ’ਚ ਜਾ ਕੇ ਐਲਾਨ ਕਰਦੇ ਹਨ ਕਿ ਭਾਜਪਾ ਦੀ ਸਰਕਾਰ ਮੁਫ਼ਤ ਰਾਸ਼ਨ ਦੇ ਰਹੀ ਹੈ। ਪਰ ਗਰੀਬ ਲੋਕਾਂ ਨੂੰ ਮੁਫ਼ਤ ’ਚ ਰਾਸ਼ਨ ਦੇ ਕੇ ਸਮੱਸਿਆ ਦਾ ਸਥਾਈ ਹੱਲ ਨਹੀਂ ਕੀਤਾ ਜਾ ਸਕਦਾ। ਇਸ ਤੋਂ ਇਲਾਵਾ ਮਾਇਆਵਤੀ ਨੇ ਇਲੈਕਟੋਰਲ ਬਾਂਡਾ ਨੂੰ ਲੈ ਕੇ ਵੀ ਵਿਰੋਧੀਆਂ ’ਤੇ ਤੰਜ ਕਸਿਆ। ਉਨ੍ਹਾਂ ਕਿਹਾ ਕਿ ਚੋਣਾਂ ’ਚ ਪਾਰਟੀਆਂ ਨੇ ਬਾਂਡਾਂ ਦੇ ਰੂਪ ਵਿੱਚ ਚੰਦਾ ਲੈ ਕੇ ਪੂੰਜੀਪਤੀਆਂ ਦਾ ਫਾਇਦਾ ਚੁੱਕਿਆ ਹੈ। ਪਰ ਬਸਪਾ ਹੀ ਦੇਸ਼ ਦੀ ਇੱਕਲੌਤੀ ਪਾਰਟੀ ਹੈ ਜਿਸ ਨੇ ਕਦੇ ਵੀ ਕਿਸੇ ਤੋਂ ਚੰਦਾ ਨਹੀਂ ਲਿਆ ਤੇ ਨਾ ਹੀ ਕਿਸੇ ਸਿਆਸੀ ਪਾਰਟੀ ਨਾਲ ਸਮਝੌਤਾ ਕੀਤਾ ਹੈ।