ਕਰਾਚੀ – ਪਾਕਿਸਤਾਨ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਬਲੋਚਿਸਤਾਨ ਸੂਬੇ ਦੇ ਬੋਲਾਨ ਖੇਤਰ ਵਿੱਚ ਇੱਕ ਬੱਸ ਡੂੰਘੀ ਖੱਡ ਵਿੱਚ ਡਿੱਗ ਗਈ। ਇਸ ਹਾਦਸੇ ਵਿਚ ਘੱਟੋ-ਘੱਟ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ 27 ਹੋਰ ਜ਼ਖਮੀ ਹੋ ਗਏ। ਇਹ ਹਾਦਸਾ ਬੋਲਾਨ-ਕਵੇਟਾ ਹਾਈਵੇਅ ‘ਤੇ ਹਾਜੀ ਸ਼ਹਿਰ ਨੇੜੇ ਸਵੇਰੇ ਵਾਪਰਿਆ।
ਇੱਕ ਅਰਧ ਸੈਨਿਕ ਬਲ ਦੇ ਅਧਿਕਾਰੀ ਨੇ ਦੱਸਿਆ ਕਿ ਬੱਸ ਸਾਦਿਕਾਬਾਦ ਤੋਂ ਕਵੇਟਾ ਜਾ ਰਹੀ ਸੀ ਅਤੇ ਜਦੋਂ ਇਹ ਪਹਾੜੀ ਖੇਤਰ ਵਿੱਚ ਇੱਕ ਤਿੱਖੇ ਮੋੜ ਤੋਂ ਲੰਘ ਰਹੀ ਸੀ ਤਾਂ ਤੇਜ਼ ਰਫ਼ਤਾਰ ਕਾਰਨ ਡਰਾਈਵਰ ਨੇ ਕੰਟਰੋਲ ਗੁਆ ਦਿੱਤਾ ਅਤੇ ਬੱਸ ਖੱਡ ਵਿੱਚ ਡਿੱਗ ਗਈ। ਉਨ੍ਹਾਂ ਕਿਹਾ ਕਿ ਜ਼ਖਮੀ ਯਾਤਰੀਆਂ, ਜਿਨ੍ਹਾਂ ਵਿੱਚ ਔਰਤਾਂ ਵੀ ਸ਼ਾਮਲ ਹਨ, ਨੂੰ ਬੋਲਾਨ ਦੇ ਜ਼ਿਲ੍ਹਾ ਹਸਪਤਾਲ ਲਿਜਾਣ ਲਈ ਬਚਾਅ ਕਾਰਜ ਅਜੇ ਵੀ ਜਾਰੀ ਹੈ। ਉਨ੍ਹਾਂ ਪੁਸ਼ਟੀ ਕੀਤੀ ਕਿ ਚਾਰ ਯਾਤਰੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂ ਕਿ ਇੱਕ ਹੋਰ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। ਅਧਿਕਾਰੀ ਨੇ ਕਿਹਾ, “ਬਚਾਅ ਟੀਮਾਂ ਨੇ 27 ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ।”