ਨਿਊਯਾਰਕ – ਅਮਰੀਕਾ ਤੋਂ ਇਕ ਮੰਦਭਾਗੀ ਖ਼ਬਰ ਪ੍ਰਾਪਤ ਹੋਈ ਹੈ, ਜਿੱਥੇ ਵਾਪਰੇ ਇਕ ਭਿਆਨਕ ਸੜਕ ਹਾਦਸੇ ਕਾਰਨ ਦੌਰਾਨ ਭਾਰਤੀਆਂ ਸਣੇ ਸੈਲਾਨੀਆਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਨਿਊਯਾਰਕ ਹਾਈਵੇਅ ‘ਤੇ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਇਸ ਹਾਦਸੇ ਵਿੱਚ 5 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਕਈ ਹੋਰ ਜ਼ਖਮੀ ਹੋ ਗਏ ਹਨ।
ਜਾਣਕਾਰੀ ਅਨੁਸਾਰ ਇਹ ਬੱਸ ਨਿਆਗਰਾ ਫਾਲਸ ਤੋਂ ਨਿਊਯਾਰਕ ਵਾਪਸ ਆ ਰਹੀ ਸੀ ਕਿ ਬਫੇਲੋ ਨੇੜੇ ਇਹ ਡਰਾਈਵਰ ਦੇ ਕਾਬੂ ਤੋਂ ਬਾਹਰ ਹੋ ਗਈ ਤੇ ਪਲਟ ਗਈ। ਹਾਦਸੇ ਸਮੇਂ ਇਕ ਬੱਸ ‘ਚ 54 ਸੈਲਾਨੀ ਸਵਾਰ ਸਨ। ਬਫੇਲੋ ਤੋਂ ਲਗਭਗ 25 ਮੀਲ (40 ਕਿਲੋਮੀਟਰ) ਪੂਰਬ ਵਿੱਚ ਇਹ ਭਿਆਨਕ ਹਾਦਸਾ ਵਾਪਰਿਆ।
ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੱਸ ‘ਚ ਸਵਾਰ ਸੈਲਾਨੀਆਂ ਚ’ ਭਾਰਤੀ, ਚੀਨੀ ਅਤੇ ਫਿਲੀਪੀਨੀ ਮੂਲ ਦੇ ਲੋਕ ਸਵਾਰ ਸਨ। ਅਧਿਕਾਰੀਆਂ ਨੇ ਕਿਹਾ ਕਿ ਡਰਾਈਵਰ ਦਾ ਧਿਆਨ ਭਟਕ ਗਿਆ ਤੇ ਉਹ ਕੰਟਰੋਲ ਗੁਆ ਬੈਠਾ, ਜਿਸ ਕਾਰਨ ਇਹ ਹਾਦਸਾ ਵਾਪਰਿਆ।
ਹਾਦਸੇ ਦੀ ਜਾਣਕਾਰੀ ਮਿਲਣ ਮਗਰੋਂ ਨਿਊਯਾਰਕ ਸਟੇਟ ਪੁਲਸ ਹਾਦਸੇ ਵਾਲੀ ਥਾਂ ‘ਤੇ ਪਹੁੰਚੀ ਅਤੇ ਕਾਰਵਾਈ ਸ਼ੁਰੂ ਕੀਤੀ। ਇਸ ਹਾਦਸੇ ਦੌਰਾਨ 5 ਲੋਕਾਂ ਦੀ ਦਰਦਨਾਕ ਮੌਤ ਹੋ ਗਈ, ਜਦਕਿ ਕਈ ਹੋਰ ਸੈਲਾਨੀ ਜ਼ਖ਼ਮੀ ਹੋਏ ਸਨ, ਜਿਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਤੇ ਇਲਾਜ ਤੋਂ ਬਾਅਦ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ।
ਬੱਸ ਕੈਨੇਡੀਅਨ ਸਰਹੱਦ ‘ਤੇ ਨਿਆਗਰਾ ਫਾਲਸ ਤੋਂ ਵਾਪਸ ਆ ਰਹੀ ਸੀ, ਜਦੋਂ ਇਹ ਪੈਮਬਰੋਕ ਦੇ ਨੇੜੇ ਇੱਕ ਹਾਈਵੇਅ ‘ਤੇ ਹਾਦਸਾਗ੍ਰਸਤ ਹੋ ਗਈ। ਬਚਾਅ ਕਾਰਜ ਵਿੱਚ 8 ਹੈਲੀਕਾਪਟਰ ਸ਼ਾਮਲ ਸਨ। ਬੱਸ ਦੇ ਡਰਾਈਵਰ ਦੀ ਹਾਦਸੇ ਦੌਰਾਨ ਜਾਨ ਬਚ ਗਈ ਹੈ। ਪੁਲਸ ਨੇ ਦੱਸਿਆ ਕਿ ਹਾਦਸੇ ਬਾਰੇ ਡਰਾਈਵਰ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।