ਰਾਏਪੁਰ : ਛੱਤੀਸਗੜ੍ਹ ਦੇ ਰਾਏਪੁਰ ਜ਼ਿਲ੍ਹੇ ਵਿਚ ਇਕ ਤੇਜ਼ ਰਫ਼ਤਾਰ ਪ੍ਰਾਈਵੇਟ ਬੱਸ ਦੀ ਇਕ ਟਰੱਕ ਨਾਲ ਟੱਕਰ ਹੋ ਜਾਣ ਦੀ ਸੂਚਨਾ ਮਿਲੀ ਹੈ, ਜਿਸ ਵਿਚ 3 ਯਾਤਰੀਆਂ ਦੀ ਮੌਤ ਹੋ ਗਈ, ਜਦਕਿ 6 ਹੋਰ ਲੋਕ ਜ਼ਖ਼ਮੀ ਹੋ ਗਏ। ਇਸ ਹਾਦਸੇ ਦੀ ਜਾਣਕਾਰੀ ਪੁਲਸ ਅਧਿਕਾਰੀਆਂ ਵਲੋਂ ਦਿੱਤੀ ਗਈ ਹੈ। ਇਸ ਘਟਨਾ ਦੇ ਸਬੰਧ ਵਿਚ ਰਾਏਪੁਰ ਜ਼ਿਲ੍ਹੇ ਦੇ ਸੀਨੀਅਰ ਪੁਲਸ ਸੁਪਰਡੈਂਟ ਲਾਲ ਉਮੇਦ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੇ ਅਭਨਪੁਰ ਥਾਣਾ ਖੇਤਰ ਦੇ ਕੇਂਦਰੀ ਪਿੰਡ ਨੇੜੇ ਇਕ ਯਾਤਰੀ ਬੱਸ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਟਕਰਾ ਗਈ।
ਇਸ ਹਾਦਸੇ ਦੌਰਾਨ ਬੱਸ ਵਿਚ ਸਵਾਰ ਇਕ ਔਰਤ ਸਣੇ 3 ਲੋਕਾਂ ਅਜ਼ਹਰ ਅਲੀ (30), ਬਲਰਾਮ ਪਟੇਲ (46) ਅਤੇ ਬਰਖਾ ਠਾਕੁਰ (31) ਦੀ ਮੌਤ ਹੋ ਗਈ ਅਤੇ ਛੇ ਹੋਰ ਜ਼ਖਮੀ ਹੋ ਗਏ। ਸਿੰਘ ਨੇ ਦੱਸਿਆ ਕਿ ਸੋਮਵਾਰ ਦੇਰ ਰਾਤ ਇਕ ਨਿਜੀ ਯਾਤਰੀ ਬੱਸ ਬਸਤਰ ਜ਼ਿਲ੍ਹੇ ਦੇ ਮੁੱਖ ਦਫ਼ਤਰ ਜਗਦਲਪੁਰ ਤੋਂ ਰਾਏਪੁਰ ਲਈ ਰਵਾਨਾ ਹੋਈ ਸੀ। ਅੱਜ ਤੜਕੇ ਜਦੋਂ ਬੱਸ ਕੇਂਦਰੀ ਪਿੰਡ ਦੇ ਨੇੜੇ ਪਹੁੰਚੀ ਤਾਂ ਰਾਏਪੁਰ ਵੱਲ ਨੂੰ ਜਾ ਰਹੇ ਇਕ ਟਰੱਕ ਦੇ ਪਿੱਛੇ ਟਕਰਾ ਗਈ। ਇਸ ਘਟਨਾ ‘ਚ 3 ਲੋਕਾਂ ਦੀ ਮੌਤ ਹੋ ਗਈ ਅਤੇ 6 ਹੋਰ ਜ਼ਖ਼ਮੀ ਹੋ ਗਏ। ਉਹਨਾਂ ਕਿਹਾ ਕਿ ਪੁਲਸ ਨੂੰ ਜਦੋਂ ਇਸ ਘਟਨਾ ਦੀ ਜਾਣਕਾਰੀ ਮਿਲੀ, ਤਾਂ ਪੁਲਸ ਦੀ ਇਕ ਟੀਮ ਨੂੰ ਉਥੇ ਭੇਜਿਆ ਗਿਆ।
ਪੁਲਸ ਨੇ ਇਸ ਦੌਰਾਨ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਅਤੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾ ਦਿੱਤਾ।