ਪਟਿਆਲਾ : ਪੰਜਾਬ ਰੋਡਵੇਜ਼ ਪਨਬਸ/ਪੀ. ਆਰ. ਟੀ. ਸੀ. ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੀਆਂ ਸਮੂਹ ਡਿਪੂ ਕਮੇਟੀਆਂ ਵੱਲੋਂ ਅੱਜ 28 ਨਵੰਬਰ ਨੂੰ ਸਵੇਰੇ 11-00 ਵਜੇ ਤੋਂ ਗੇਟ ਰੈਲੀਆਂ ਕਰ ਕੇ ਰੋਸ ਪ੍ਰਦਰਸ਼ਨ ਸ਼ੁਰੂ ਕਰਦਿਆਂ ਚੱਕਾ ਜਾਮ ਕਰ ਦਿੱਤਾ ਗਿਆ ਹੈ। ਇਸ ਦੌਰਾਨ ਪੀਆਰਟੀਸੀ ਦੇ ਮੁੱਖ ਦਫਤਰ ਵਾਲੇ ਸ਼ਹਿਰ ਪਟਿਆਲਾ ਸਮੇਤ ਕਈ ਹੋਰ ਥਾਵਾਂ ’ਤੇ ਵੀ ਬੱਸ ਅੱਡਿਆਂ ਦੀ ਤਾਲਾਬੰਦੀ ਕਰਕੇ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਮੁਲਾਜ਼ਮਾਂ ਨੇ ਕਿਹਾ ਕਿ ਕਿਲੋਮੀਟਰ ਸਕੀਮ ਦੇ ਵਿਰੋਧ ਵਿਚ ਜਾਰੀ ਇਨ੍ਹਾਂ ਧਰਨਿਆਂ ਤੋਂ ਪਹਿਲਾਂ ਹੀ ਅੱਜ ਤੜਕੇ ਪਟਿਆਲਾ ਸਮੇਤ ਪੰਜਾਬ ਭਰ ਵਿਚੋਂ ਯੂਨੀਅਨ ਦੇ ਕਈ ਆਗੂਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਯੂਨੀਅਨ ਦੇ ਸੂਬਾਈ ਬੁਲਾਰੇ ਹਰਕੇਸ਼ ਵਿੱਕੀ (ਪਟਿਆਲਾ) ਨੇ ਦੱਸਿਆ ਕਿ ਸਰਕਾਰ ਦੇ ਇਸ ਜਬਰ ਦੇ ਵਿਰੋਧ ਵਿਚ ਜਾਰੀ ਇਸ ਸੰਘਰਸ਼ ਨੂੰ ਅੱਜ ਸਰਕਾਰੀ ਮੁਲਾਜ਼ਮਾਂ ਵੱਲੋਂ ਵੀ ਹਮਾਇਤ ਦਿੱਤੀ ਗਈ ਹੈ।
ਇਸ ਦੌਰਾਨ ਸਾਥੀ ਮੁਲਾਜ਼ਮਾਂ ਦੀ ਗ੍ਰਿਫਤਾਰੀ ਦੇ ਵਿਰੋਧ ਵਿਚ ਪ੍ਰਦਰਸ਼ਨ ਕਰ ਰਹੇ ਪੀਆਰਟੀਸੀ, ਪੰਜਾਬ ਰੋਡਵੇਜ ਅਤੇ ਪਨਬਸ ਵਰਕਰ ਯੂਨੀਅਨ ਦੇ ਕਈ ਆਗੂ ਨੇ ਪੈਟਰੋਲ ਦੀਆਂ ਬੋਤਲਾਂ ਲੈ ਕੇ ਬੱਸਾਂ ਦੀਆਂ ਛੱਤਾਂ ‘ਤੇ ਚੜ੍ਹ ਗਏ ਹਨ ਅਤੇ ਉਨ੍ਹਾਂ ਨੇ ਆਤਮਦਾਹ ਦੀ ਚਿਤਾਵਨੀ ਵੀ ਦਿੱਤੀ ਹੈ।

