ਨੈਸ਼ਨਲ ਡਿਫੈਂਸ ਅਕੈਡਮੀ (ਐਨ.ਡੀ.ਏ.) ਅਤੇ ਹੋਰ ਸਰਵਿਸ ਸਿਖਲਾਈ ਅਕੈਡਮੀਆਂ ਵੱਲੋਂ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ, ਐਸ.ਏ.ਐਸ. ਨਗਰ ਦੇ ਅੱਠ ਹੋਰ ਸਾਬਕਾ ਕੈਡਿਟਾਂ ਨੂੰ ਚੁਣਿਆ ਗਿਆ ਹੈ। ਜਿੰਨ੍ਹਾਂ ਵਿੱਚੋਂ ਕੈਡਿਟ ਨਵਜੋਤ ਸਿੰਘ ਗਿੱਲ ਨੇ ਆਲ ਇੰਡੀਆ ਮੈਰਿਟ ਵਿੱਚ 11ਵਾਂ ਰੈਂਕ ਹਾਸਲ ਕੀਤਾ ਹੈ।
ਇਨ੍ਹਾਂ ਕੈਡਿਟਾਂ ਨੂੰ ਹਥਿਆਰਬੰਦ ਸੈਨਾਵਾਂ ਵਿੱਚ ਕਮਿਸ਼ਨਡ ਅਫ਼ਸਰ ਬਣਨ ਲਈ ਐਨ.ਡੀ.ਏ. ਵਿੱਚ ਸ਼ਾਮਲ ਹੋਣ ‘ਤੇ ਪੰਜਾਬ ਦੇ ਰੋਜ਼ਗਾਰ ਉੱਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ ਨੇ ਵਧਾਈ ਦਿੱਤੀ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਰੱਖਿਆ ਸੇਵਾਵਾਂ ਵਿੱਚ ਸ਼ਾਮਲ ਹੋਣ ਦੇ ਚਾਹਵਾਨ ਨੌਜਵਾਨਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਵਚਨਬੱਧ ਹੈ। ਜੋ ਅੱਠ ਕੈਡਿਟ ਚੁਣੇ ਗਏ ਹਨ, ਉਨ੍ਹਾਂ ਵਿੱਚ ਨਵਜੋਤ ਸਿੰਘ ਗਿੱਲ, ਵਿਵਾਨ ਸੂਦਨ, ਕਰਨਵੀਰ ਸਿੰਘ ਗਿੱਲ, ਪ੍ਰਤਿਊਸ਼ ਸਿੰਘ ਬੇਦੀ, ਮਨਕਰਨ ਸਿੰਘ ਢਿੱਲੋਂ, ਅਨਮੋਲ ਬਾਂਕਾ, ਪ੍ਰਣਵ ਠਾਕੁਰ ਅਤੇ ਅੱਕੀਰੇਡੀ ਸਾਈ ਵੇਦਾਂਸ਼ ਸ਼ਾਮਲ ਹਨ। ਇਸ ਸੰਸਥਾ ਦੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਇਸ ਇੰਸਟੀਚਿਊਟ ਦੇ ਕੁੱਲ 237 ਕੈਡਿਟ ਵੱਖ-ਵੱਖ ਸਰਵਿਸਿਜ਼ ਸਿਖਲਾਈ ਅਕੈਡਮੀਆਂ ਵਿੱਚ ਸ਼ਾਮਲ ਹੋਏ ਹਨ।
ਉਨ੍ਹਾਂ ਦੱਸਿਆ ਕਿ ਇਸ ਸੰਸਥਾ ਦੇ 160 ਸਾਬਕਾ ਕੈਡਿਟ ਰੱਖਿਆ ਸੇਵਾਵਾਂ ਵਿੱਚ ਅਫ਼ਸਰ ਵਜੋਂ ਨਿਯੁਕਤ ਹੋ ਚੁੱਕੇ ਹਨ। ਇਹ ਸੂਬੇ ਲਈ ਮਾਣ ਵਾਲੀ ਗੱਲ ਹੈ ਕਿ 56.64 ਫ਼ੀਸਦੀ ਚੋਣ ਦਰ ਨਾਲ ਇਹ ਸੰਸਥਾ ਦੇਸ਼ ਵਿੱਚ ਆਪਣੀ ਕਿਸਮ ਦੀ ਸਭ ਤੋਂ ਸਫ਼ਲ ਸੰਸਥਾ ਹੈ।
ਇਸ ਦੇ ਨਾਲ ਹੀ ਮਹਾਰਾਜਾ ਰਣਜੀਤ ਸਿੰਘ ਏ.ਐਫ.ਪੀ.ਆਈ. ਦੇ ਡਾਇਰੈਕਟਰ ਮੇਜਰ ਜਨਰਲ ਅਜੈ ਐੱਚ.0 ਚੌਹਾਨ (ਸੇਵਾਮੁਕਤ) ਨੇ ਇਹਨਾਂ ਕੈਡਿਟਾਂ ਨੂੰ ਦੇਸ਼ ਦੇ ਸੱਚੇ ਸਿਪਾਹੀਆਂ ਬਣਨ ਦੀ ਪ੍ਰੇਰਨਾ ਦਿੱਤੀ ਤੇ ਕਿਹਾ ਕਿ ਇਹ ਸਾਡੇ ਦੇਸ਼ ਦਾ ਸਰਮਾਇਆ ਹਨ। ਕੋਰਸਾਂ ਲਈ ਐਸ.ਐਸ.ਬੀਜ਼ ਚੱਲ ਰਹੀ ਹੈ, ਜਿਸ ਵਿੱਚ ਇਸ ਸੰਸਥਾ ਦੇ ਕੈਡਿਟਾਂ ਦੀ ਚੋਣ ਕੀਤੀ ਜਾ ਰਹੀ ਹੈ। ਕੈਡਿਟਾਂ ਨੂੰ ਕਾਲ ਲੈਟਰ ਮਿਲਣ ਤੋਂ ਪਹਿਲਾਂ ਮੈਡੀਕਲ ਕਰਵਾਉਣਾ ਲਾਜ਼ਮੀ ਹੈ।