ਚੰਡੀਗੜ੍ਹ: ਹਾਲ ਹੀ ਵਿਚ ਹੋਈ ਪੰਜਾਬ ਕੈਬਨਿਟ ਮੀਟਿੰਗ ਦੀ ਵਿਚ ਮੰਤਰੀਆਂ ਵੱਲੋਂ ਮੁੱਖ ਮੰਤਰੀ ਅੱਗੇ ਅਖ਼ਤਿਆਰੀ ਫੰਡ ਵਧਾਉਣ ਦੀ ਮੰਗ ਕੀਤੀ। ਮੰਤਰੀਆਂ ਨੇ ਕਿਹਾ ਕਿ ਸਾਲਾਨਾ ਫ਼ੰਡ ਘੱਟ ਹਨ ਜਦਕਿ ਫ਼ੰਡ ਲੈਣ ਦੀ ਝਾਕ ਰੱਖਣ ਵਾਲੇ ਵੱਧ ਹਨ। ਕਈ ਮੰਤਰੀਆਂ ਨੇ ਇਹ ਵੀ ਕਿਹਾ ਕਿ ਸਮਾਗਮਾਂ ’ਚੋਂ ਬਿਨਾਂ ਕੁਝ ਦਿੱਤੇ ਖ਼ਾਲੀ ਹੱਥ ਮੁੜਨਾ ਸ਼ੋਭਾ ਨਹੀਂ ਦਿੰਦਾ ਤੇ ਕਈ ਵਾਰੀ ਉਨ੍ਹਾਂ ਨੂੰ ਟਿੱਚਰਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ।
14 ਅਗਸਤ ਨੂੰ ਹੋਈ ਕੈਬਨਿਟ ਮੀਟਿੰਗ ਵਿਚ ਜਦੋਂ ਅਖ਼ਤਿਆਰੀ ਫ਼ੰਡਾਂ ਨੂੰ ਪ੍ਰਵਾਨਗੀ ਦਾ ਏਜੰਡਾ ਆਇਆ ਤਾਂ ਮੰਤਰੀਆਂ ਇੱਕਸੁਰ ਹੋ ਕੇ ਅਖ਼ਤਿਆਰੀ ਕੋਟੇ ਦੇ ਫ਼ੰਡ ਵਧਾਉਣ ਦੀ ਮੰਗ ਕੀਤੀ। ਮੰਤਰੀਆਂ ਨੇ ਕਿਹਾ ਕਿ ਕਿ ਜਦੋਂ ਵੀ ਉਹ ਕਿਸੇ ਪਿੰਡ ਜਾਂ ਸ਼ਹਿਰ ਸਮਾਗਮ ’ਤੇ ਜਾਂਦੇ ਹਨ ਤਾਂ ਪ੍ਰਬੰਧਕ ਫ਼ੰਡਾਂ ਦੀ ਝਾਕ ਰੱਖਦੇ ਹਨ ਪਰ ਉਨ੍ਹਾਂ ਨੂੰ ਕੋਟਾ ਘੱਟ ਹੋਣ ਕਰਕੇ ਟਾਲਾ ਵੱਟਣਾ ਪੈਂਦਾ ਹੈ। ਇਹ ਸਭ ਸੁਣ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਫ਼ੌਰੀ ਆਪਣੇ ਮੁੱਖ ਮੰਤਰੀ ਵਾਲੇ ਕੋਟੇ ’ਚੋਂ ਹਰ ਵਜ਼ੀਰ ਨੂੰ ਡੇਢ-ਡੇਢ ਕਰੋੜ ਦੇਣ ਦਾ ਐਲਾਨ ਕਰ ਦਿੱਤਾ। 14 ਕੈਬਨਿਟ ਵਜ਼ੀਰਾਂ ਦਾ ਹੁਣ ਪ੍ਰਤੀ ਵਜ਼ੀਰ ਸਾਲਾਨਾ ਕੋਟਾ ਇਕ ਤਰੀਕੇ ਨਾਲ ਢਾਈ ਕਰੋੜ ਰੁਪਏ ਹੋ ਜਾਵੇਗਾ।