ਨਵੀਂ ਦਿੱਲੀ- ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਇਸ ਸਮੇਂ ਭਾਰਤ ਦੌਰੇ ‘ਤੇ ਆਏ ਹੋਏ ਹਨ। ਇਸ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ ਕਈ ਅਹਿਮ ਮੁੱਦਿਆਂ ‘ਤੇ ਗੱਲਬਾਤ ਹੋਈ ਤੇ ਕੈਨੇਡਾ ਨੇ ਕਿਹਾ ਕਿ ਉਹ ਭਾਰਤ ਨੂੰ ਯੂਰੇਨੀਅਮ ਦੇਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਸੋਮਵਾਰ ਸਵੇਰੇ ਹੈਦਰਾਬਾਦ ਹਾਊਸ ਵਿਖੇ ਹੋਈ ਮੁਲਾਕਾਤ ਤੋਂ ਬਾਅਦ ਇਹ ਐਲਾਨ ਕੀਤਾ ਗਿਆ।
ਮੋਦੀ ਨੇ ਕਿਹਾ ਕਿ ਭਾਰਤ ਤੇ ਕੈਨੇਡਾ ਦਰਮਿਆਨ ਨਿਵੇਸ਼-ਵਪਾਰ ਸਮਝੌਤੇ ’ਤੇ ਚਰਚਾ ਹੋਈ ਹੈ। ਸਿਵਲ ਪ੍ਰਮਾਣੂ ਊਰਜਾ ’ਚ ਅਸੀਂ ਯੂਰੇਨੀਅਮ ਦੀ ਲੰਬੇ ਸਮੇਂ ਦੀ ਸਪਲਾਈ ਲਈ ਇਕ ਇਤਿਹਾਸਕ ਸਮਝੌਤੇ ’ਤੇ ਪਹੁੰਚੇ ਹਾਂ। ਦੋਵਾਂ ਦੇਸ਼ਾਂ ਦਰਮਿਆਨ ਕਈ ਖੇਤਰਾਂ ਨੂੰ ਕਵਰ ਕਰਨ ਵਾਲੇ ਸਮਝੌਤਿਆਂ ’ਤੇ ਹਸਤਾਖਰ ਕੀਤੇ ਗਏ ਹਨ। ਇਸ ਨਾਲ ਦੋਵਾਂ ਦੇਸ਼ਾਂ ’ਚ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਅਸੀਂ ਛੋਟੇ ਮਾਡਿਊਲਰ ਰਿਐਕਟਰਾਂ ਤੇ ਉੱਨਤ ਰਿਐਕਟਰ ਤਕਨਾਲੋਜੀ ਦੇ ਵਿਕਾਸ ’ਤੇ ਸਹਿਯੋਗ ਕਰਾਂਗੇ। ਖੇਤੀਬਾੜੀ, ਇਸ ਦੀ ਤਕਨਾਲੋਜੀ ਤੇ ਖੁਰਾਕ ਸੁਰੱਖਿਆ ’ਚ ਪਸਾਰ ਵੀ ਸਾਡੇ ਟੀਚਿਆਂ ’ਚੋਂ ਇਕ ਹੈ

