ਚੰਡੀਗੜ੍ਹ: ED ਵੱਲੋਂ ਅੱਜ ਮੋਹਾਲੀ ਵਿਚ ਉਸ ਵਿਅਕਤੀ ਦੇ ਘਰ ਰੇਡ ਮਾਰੀ ਹੈ, ਜੋ ਕੈਨੇਡਾ ਵਿਚ 2 ਕਰੋੜ ਅਮਰੀਕੀ ਡਾਲਰ ਤੋਂ ਵੱਧ ਦੇ ਸੋਨੇ ਦੀ ਚੋਰੀ ਦੇ ਮਾਮਲੇ ਵਿਚ ਕਥਿਤ ਤੌਰ ‘ਤੇ ਸ਼ੱਕੀ ਮੁਲਜ਼ਮ ਹੈ। ਇਹ ਕੈਨੇਡਾ ਵਿਚ ਸੋਨੇ ਦੀ ਚੋਰੀ ਦਾ ਹੁਣ ਤਕ ਦਾ ਸਭ ਤੋਂ ਵੱਡਾ ਮਾਮਲਾ ਹੈ। ਸੂਤਰਾਂ ਨੇ ਦੱਸਿਆ ਕਿ ਸ਼ੱਕੀ ਵਿਅਕਤੀ ਦੀ ਪਛਾਮ 30 ਸਾਲਾ ਸਿਮਰਨਪ੍ਰਤੀ ਪਨੇਸਰ ਵਜੋਂ ਕੀਤੀ ਗਈ ਹੈ। ਇਸ ਬਾਰੇ ਜਦੋਂ ਉਕਤ ਵਿਅਕਤੀ ਦਾ ਪੱਖ ਜਾਨਣ ਲਈ ਉਸ ਨਾਲ ਸੰਪਰਕ ਨਹੀਂ ਹੋ ਸਕਿਆ।
ਕੇਂਦਰੀ ਏਜੰਸੀ ਨੇ ਅਪ੍ਰੈਲ 2023 ਵਿਚ ਕੈਨੇਡਾ ਦੇ ਪਿਯਰਸਨ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਚੋਰੀ ਦੀ ਜਾਂਚ ਲਈ PMLA ਤਹਿਤ ਹਾਲ ਹੀ ਵਿਚ ਇਕ ਅਪਰਾਧਕ ਮਾਮਲਾ ਦਰਜ ਕੀਤਾ ਹੈ। ਸੂਤਰਾਂ ਨੇ ਦੱਸਿਆ ਕਿ ਪੰਜਾਬ ਦੇ ਮੋਹਾਲੀ ਵਿਚ ਪਾਨੇਸਰ ਦੇ ਟਿਕਾਣਿਆਂ ‘ਤੇ ਛਾਪੇ ਮਾਰੇ ਜਾ ਰਹੇ ਹਨ ਤੇ ED ਦੀ ਟੀਮ ਉਸ ਤੋਂ ਪੁੱਛਗਿੱਛ ਕਰੇਗੀ। ED ਨੇ ਕੈਨੇਡਾ ਦੀ ਅਪੀਲ ਤੋਂ ਬਿਨਾ ਹੀ ਮਾਮਲੇ ਦਾ ਨੋਟਿਸ ਲੈਂਦਿਆਂ ਮਾਮਲਾ ਦਰਜ ਕੀਤਾ ਹੈ। ਦੱਸ ਦਈਏ ਕਿ 2023 ਵਿਚ ਕੈਨੇਡਾ ‘ਚ 400 ਕਿੱਲੋ ਸੋਨੇ ਦੀ ਲੁੱਟ ਕੀਤੀ ਗਈ ਸੀ।
ਦਰਅਸਲ, PMLA ਸਰਹੱਦ ਪਾਰ ਹੋਏ ਅਜਿਹੇ ਮਾਮਲਿਆਂ ਵਿਚ ਜਾਂਚ ਦੀ ਇਜਾਜ਼ਤ ਦਿੰਦਾ ਹੈ, ਜਿਸ ਵਿਚ ਕਿਸੇ ਭਾਰਤੀ ਨਾਗਰਿਕ ਦੇ ਸ਼ਾਮਲ ਹੋਣ ਦਾ ਖ਼ਦਸ਼ਾ ਹੋਵੇਗਾ। ਮੀਡੀਆ ਰਿਪੋਰਟਾਂ ਮੁਤਾਬਕ, 2023 ਵਿਚ ਕੈਨੇਡਾ ਦੇ ਹਵਾਈ ਅੱਡੇ ‘ਤੇ ਅਸੁਰੱਖਿਅਤ ਸਟੋਰੇਜ ਸਹੂਲਤ ਤੋਂ ਸੋਨੇ ਨਾਲ ਭਰਿਆ ਇਕ ‘ਏਅਰ ਕਾਰਗੋ ਕੰਟੇਨਰ’ ਚੋਰੀ ਹੋ ਗਿਆ ਸੀ। ਇਸ ਨੂੰ ਨਕਲੀ ਕਾਗਜ਼ਾਂ ਦੀ ਵਰਤੋਂ ਕਰ ਕੇ ਚੋਰੀ ਕੀਤਾ ਗਿਆ ਸੀ।