ਪਟਿਆਲਾ 20 ਮਈ-ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸੱਤਾ ਵਿੱਚ ਆਈ ਸੀ। ਪਿਛਲੇ ਢਾਈ ਸਾਲਾਂ ਵਿੱਚ ਇਸ ਪਾਰਟੀ ਨੇ ਲੋਕਾਂ ਨਾਲ ਕੀਤਾ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਇਹ ਗੱਲ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਤੇ ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਨੇ ਸੋਮਵਾਰ ਨੂੰ ਸਨੌਰ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਔਰਤਾਂ ਦਾ ਸਤਿਕਾਰ ਨਾ ਕਰਨ ਵਾਲੀ ਆਮ ਆਦਮੀ ਪਾਰਟੀ ਨੇ ਔਰਤਾਂ ਨੂੰ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਵੀ ਪੂਰਾ ਨਹੀਂ ਕੀਤਾ। ਜਦੋਂ ‘ਆਪ’ ਦੇ ਲੋਕ ਵੋਟਾਂ ਮੰਗਣ ਲਈ ਲੋਕਾਂ ਦੇ ਘਰਾਂ ‘ਚ ਆਉਣ ਤਾਂ ਸਾਰੀਆਂ ਬੀਬੀਆਂ ਨੂੰ ਚਾਹੀਦਾ ਹੈ ਕਿ ਉਹ ਸਭ ਤੋਂ ਪਹਿਲਾਂ ਉਨ੍ਹਾਂ ਤੋਂ ਲੰਘੇ 26 ਮਹੀਨਿਆਂ ਦਾ ਬਕਾਇਆ 26 ਹਜ਼ਾਰ ਰੁਪਏ ਜਰੂਰ ਮੰਗਣ। ਭਾਜਪਾ ਆਗੂ ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਹੈ ਕਿ ਆਮ ਆਦਮੀ ਪਾਰਟੀ ਦੇ ਕੁਝ ਵਰਕਰ ਕਿਸਾਨ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਧਰਨਿਆਂ ਵਿੱਚ ਕਿਸਾਨ ਬਣਕੇ ਕੇ ਧਰਨਿਆਂ ਵਿੱਚ ਸ਼ਾਮਲ ਹੋ ਕੇ ਕਿਸਾਨਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਕਿਸਾਨਾਂ ਦੀਆਂ ਸਾਰੀਆਂ ਮੰਗਾਂ ਜਾਇਜ਼ ਹਨ ਅਤੇ ਉਨ੍ਹਾਂ ਨੂੰ ਪੂਰਾ ਕਰਨ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਕਾਂਗਰਸ ਦੇ ਜਨਰਲ ਸਕੱਤਰ ਜਤਿੰਦਰ ਸਿੰਘ, ਅਕਾਲੀ ਦਲ ਦੇ ਰੁਪਿੰਦਰ ਸਿੰਘ, ਮਨਦੀਪ ਸਿੰਘ, ਫਤਿਹ ਸਿੰਘ, ਰਾਜੂ ਰਾਮ, ਅਮਰਿੰਦਰ ਢੋਟ, ਜਸਵਿੰਦਰ ਸਿੰਘ ਰੇਤਗੜ੍ਹ, ਜੱਸਾ ਸਿੰਘ ਸਬਾਜਪੁਰਾ, ਰਵਿੰਦਰ ਸਿੰਘ ਸਮਾਣਾ ਅਤੇ ਜਸਬੀਰ ਸਿੰਘ ਸ਼ਾਹਪੁਰ ਸੋਮਵਾਰ ਨੂੰ ਕਾਂਗਰਸ ਅਤੇ ਆਮ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ। ਪ੍ਰਨੀਤ ਕੌਰ ਨੇ ਹੋਰਨਾਂ ਸਿਆਸੀ ਪਾਰਟੀਆਂ ਦੇ ਇਨ੍ਹਾਂ ਆਗੂਆਂ ਦਾ ਭਾਜਪਾ ਵਿੱਚ ਸਵਾਗਤ ਕੀਤਾ। ਜਨ ਸਭਾ ਨੂੰ ਸੰਬੋਧਨ ਕਰਦਿਆਂ ਪ੍ਰਨੀਤ ਕੌਰ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਰਹਿੰਦਿਆਂ ਹਲਕਾ ਸਨੌਰ ਦੇ ਵਿਕਾਸ ਲਈ ਹਮੇਸ਼ਾ ਹੀ ਸੰਜੀਦਗੀ ਦਿਖਾਈ ਹੈ। ਉਨ੍ਹਾਂ ਕਿਹਾ ਕਿ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸਮੇਂ ਦੌਰਾਨ ਸਨੌਰ ਨੂੰ ਚੰਡੀਗੜ੍ਹ-ਸੰਗਰੂਰ ਬਾਈਪਾਸ ਨਾਲ ਜੋੜਨ ਦਾ ਕੰਮ ਕੀਤਾ। ਇਸ ਤੋਂ ਇਲਾਵਾ ਸਨੌਰ ਨੂੰ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ। ਅੱਜ ਪਟਿਆਲਾ ਜ਼ਿਲ੍ਹੇ ਵਿੱਚ ਸਨੌਰ ਆਪਣੀ ਵੱਖਰੀ ਪਛਾਣ ਬਣਾਈ ਰੱਖਣ ਵਿੱਚ ਪੂਰੀ ਤਰ੍ਹਾਂ ਕਾਮਯਾਬ ਰਿਹਾ ਹੈ। ਪ੍ਰਨੀਤ ਕੌਰ ਨੇ ਕਿਹਾ ਕਿ ਸਨੌਰ ਨੂੰ ਹੋਰ ਵਿਕਸਤ ਕਰਨ ਦੀ ਲੋੜ ਹੈ ਤਾਂ ਜੋ ਇਸ ਖੇਤਰ ਵਿੱਚ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕੀਤੇ ਜਾ ਸਕਣ। ਸਨੌਰ ਤੋਂ ਦੇਵੀਗੜ੍ਹ ਤੱਕ ਸੜਕ ਨੂੰ ਚੌੜਾ ਕਰਨ ਦੇ ਨਾਲ-ਨਾਲ ਸਨੌਰ ਨੂੰ ਇੱਕ ਪ੍ਰਮੁੱਖ ਖੇਤੀਬਾੜੀ ਕੇਂਦਰ ਵਜੋਂ ਵਿਕਸਤ ਕਰਨ ਦੀ ਜਰੂਰਤ ਹੈ। ਸਨੌਰ ਅੱਜ ਸਬਜਿਆਂ ਦੀ ਪੈਦਾਵਾਰ ਵਿੱਚ ਵੱਡੀ ਹਿੱਸੇਦਾਰੀ ਪਾ ਰਿਹਾ ਹੈ। ਸਨੌਰ ਦੇ ਜਿਹੜੇ ਇਲਾਕੇ ਘੱਗਰ ਦੇ ਪਾਣੀ ਦੀ ਮਾਰ ਝੱਲ ਰਹੇ ਹਨ, ਉਹ ਕੇਂਦਰ ਸਰਕਾਰ ਤੋਂ ਇਸ ਦਾ ਸਥਾਈ ਹੱਲ ਕਰਵਾ ਚੁੱਕੇ ਹਨ, ਪਰ ਉਸਨੂੰ ਅਮਲੀਜਾਮਾ ਚੌਣਾ ਤੋਂ ਬਾਅਦ ਦਿੱਤਾ ਜਾਣਾ ਹੈ।
ਪ੍ਰਨੀਤ ਕੌਰ ਨੇ ਸਨੌਰ ਨਿਵਾਸੀਆਂ ਨੂੰ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਦਾ ਸਨੌਰ ਨਾਲ ਪੁਰਾਣਾ ਰਿਸ਼ਤਾ ਹੈ। ਇਸ ਰਿਸ਼ਤੇ ਅਤੇ ਵਿਸ਼ਵਾਸ ਦੇ ਆਧਾਰ ‘ਤੇ ਉਹਨਾਂ ਦਾ ਭਰੋਸਾ ਬੁਲੰਦ ਹੈ ਕਿ ਉਹ ਲੋਕ ਸਭਾ ਚੋਣਾਂ ‘ਚ ਜਿੱਤ ਹਾਸਲ ਕਰਨਗੇ। ਇਸੇ ਜੀਤ ਤੋਂ ਬਾਅਦ ਉਹ ਪਟਿਆਲਾ ਦੀਆਂ ਸਾਰੀਆਂ ਵੱਡੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਦੇ ਨਾਲ-ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਨਵੇਂ ਵਿਕਾਸ ਕਾਰਜਾਂ ਲਈ ਵੱਡੇ ਪੈਕੇਜ ਪਟਿਆਲਾ ਲਈ ਲਿਆਉਣਗੇ। ਪ੍ਰਨੀਤ ਕੌਰ ਨੇ ਕਿਹਾ ਕਿ ਨਰਿੰਦਰ ਮੋਦੀ ਜੋ ਵੀ ਗਾਰੰਟੀ ਕਿਸੇ ਨੂੰ ਦਿੰਦੇ ਹਨ, ਉਸ ਨੂੰ ਉਹ ਹਰ ਹਾਲਤ ਵਿਚ ਪੂਰਾ ਕਰਦੇ ਹਨ। ਆਮ ਪਾਰਟੀ ਵਾਂਗ ਉਹ ਵਾਅਦਿਆਂ ਤੱਕ ਹੀ ਸੀਮਤ ਨਹੀਂ ਰਹਿੰਦੇ। ਚੋਣ ਪ੍ਰਚਾਰ ਦੌਰਾਨ ਲੋਕਾਂ ਨਾਲ ਵਾਅਦੇ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਸਵਾਲ ਕੀਤਾ ਜਾਣਾ ਚਾਹੀਦਾ ਹੈ ਕਿ ਉਹਨਾਂ ਦੀ ਪਾਰਟੀ ਦੇਸ਼ ਭਰ ਵਿੱਚ ਸਿਰਫ਼ 23 ਸੀਟਾਂ ‘ਤੇ ਲੋਕਸਭਾ ਚੋਣ ਲੜ ਰਹੀ ਹੈ। ਕੇਂਦਰ ਦੀ ਸੱਤਾ ਲਏ ਬਿਨਾਂ ਆਮ ਆਦਮੀ ਪਾਰਟੀ ਵੱਡੇ-ਵੱਡੇ ਵਾਅਦੇ ਕਿਵੇਂ ਪੂਰੇ ਕਰੇਗੀ। ਪੰਜਾਬ ‘ਚ ਮਾਈਨਿੰਗ ਬੰਦ ਕਰਕੇ ਪੰਜਾਬ ਦੇ ਵਿਕਾਸ ‘ਤੇ 20 ਹਜ਼ਾਰ ਕਰੋੜ ਰੁਪਏ ਖਰਚਣ ਦਾ ਵਾਅਦਾ ਕਰਨ ਵਾਲੇ ‘ਆਪ’ ਆਗੂ ਖੁਦ ਇਸ ਵਾਅਦੇ ਨੂੰ ਭੁੱਲ ਗਏ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਨੀਤ ਕੌਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 23 ਮਈ ਨੂੰ ਪਟਿਆਲਾ ਆਉਣ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ ਕਿ ਪ੍ਰਧਾਨ ਮੰਤਰੀ ਆਪਣੇ ਪੰਜਾਬ ਦੌਰੇ ਦੀ ਸ਼ੁਰੂਆਤ ਪਟਿਆਲਾ ਤੋਂ ਕਰਨ ਜਾ ਰਹੇ ਹਨ। ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਅਤੇ ਇਸ ਕਾਰਨ ਪ੍ਰਧਾਨ ਮੰਤਰੀ ਦੀ ਚੋਣ ਰੈਲੀ ਲਈ ਮੌਸਮ ਅਨੁਸਾਰ ਤਿਆਰਿਆਂ ਕੀਤੀਆਂ ਜਾ ਰਹੀਆਂ ਹਨ।
ਭਾਜਪਾ ਦੇ ਸਨੌਰ ਹਲਕਾ ਪ੍ਰਧਾਨ ਵਿਕਰਮ ਇੰਦਰਜੀਤ ਸਿੰਘ ਚਾਹਲ (ਨਿੱਕੂ) ਨੇ ਮਹਾਰਾਣੀ ਪ੍ਰਨੀਤ ਕੌਰ ਨੂੰ ਭਰੋਸਾ ਦਿਵਾਇਆ ਕਿ ਸਨੌਰ ਇਲਾਕੇ ਦੇ ਲੋਕ ਭਾਜਪਾ ਨੂੰ ਆਪਣੀਆਂ ਕੀਮਤੀ ਵੋਟਾਂ ਪਾਉਣ ਲਈ 1 ਜੂਨ ਦਾ ਇੰਤਜ਼ਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਨੌਰ ਦੇ ਲੋਕ ਜਾਣਦੇ ਹਨ ਕਿ ਜਦੋਂ ਉਹ ਕਾਂਗਰਸ ਅਤੇ ‘ਆਪ’ ‘ਤੇ ਭਰੋਸਾ ਕਰ ਸਕਦੇ ਹਨ ਤਾਂ ਉਹ ਭਾਜਪਾ ‘ਤੇ ਵੀ ਭਰੋਸਾ ਕਰ ਸਕਦੇ ਹਨ। ਇਸ ਮੌਕੇ ਸਨੌਰ ਮਹਿਲਾ ਮੰਡਲ ਦੀ ਪ੍ਰਧਾਨ ਨਿਸ਼ਾ ਰਿਸ਼ੀ ਸਮੇਤ ਵੱਡੀ ਗਿਣਤੀ ਵਿੱਚ ਭਾਜਪਾ ਵਰਕਰ ਹਾਜ਼ਰ ਸਨ।