ਕਾਨਪੁਰ ’ਚ ਉਸ ਸਮੇਂ ਵੱਡਾ ਦਰਦਨਾਕ ਹਾਦਸਾ ਵਾਪਰਿਆ ਜਦੋਂ ਆਗਰਾ-ਲਖਨਊ ਐਕਸਪ੍ਰੈਸਵੇਅ ‘ਤੇ ਐਤਵਾਰ ਨੂੰ ਇੱਕ ਕਾਰ ਤੇ ਬੱਸ ਵਿਚਾਲੇ ਆਹਮੋ-ਸਾਹਮਣੇ ਭਿਆਨਕ ਟੱਕਰ ਹੋ ਗਈ। ਇਸ ਦੌਰਾਨ ਘੱਟੋ-ਘੱਟ 7 ਲੋਕਾਂ ਦੀ ਮੌਤ ਹੋ ਗਈ ਅਤੇ 40 ਹੋਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਫਿਲਹਾਲ ਹਸਪਤਾਲ ਚ ਭਰਤੀ ਕਰਵਾਇਆ ਗਿਆ ਹੈ। ਨਾਲ ਹੀ ਅਧਿਕਾਰੀਆਂ ਨੇ ਮੌਤਾਂ ਦੀ ਗਿਣਤੀ ਵੱਧਣ ਦਾ ਖਦਸ਼ਾ ਜਤਾਇਆ ਹੈ ਕਿਉਂਕਿ ਜ਼ਖ਼ਮੀਆਂ ਚੋਂ 6-7 ਮਰੀਜ਼ਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਜਾਣਕਾਰੀ ਮੁਤਾਬਕ ਇਹ ਹਾਦਸਾ ਉੱਤਰ ਪ੍ਰਦੇਸ਼ ਦੇ ਇਟਾਵਾ ਜ਼ਿਲ੍ਹੇ ਵਿੱਚ ਵਾਪਰਿਆ। ਜਦੋਂ ਨਾਗਾਲੈਂਡ ‘ਚ ਰਜਿਸਟਰਡ ਇੱਕ ਬੱਸ 60 ਯਾਤਰੀਆਂ ਨੂੰ ਲੈ ਕੇ ਰਾਏਬਰੇਲੀ ਤੋਂ ਦਿੱਲੀ ਜਾ ਰਹੀ ਸੀ, ਜਦੋਕਿ ਕਨੌਜ ‘ਚ ਦਰਜ ਕੀਤੀ ਗਈ ਕਾਰ ਲਖਨਊ ਤੋਂ ਆਗਰਾ ਜਾ ਰਹੀ ਸੀ। ਇਸ ਦੌਰਾਨ ਕਾਰ ਅਚਾਨਕ ਗਲਤ ਲੇਨ ਵਿੱਚ ਚਲੀ ਗਈ, ਜਿਸ ਕਾਰਨ ਕਾਰ ਤੇ ਬੱਸ ਦੀ ਟੱਕਰ ਹੋ ਗਈ। ਟੱਕਰ ਤੋਂ ਬਾਅਦ ਦੋਵੇਂ ਵਾਹਨ 20 ਫੁੱਟ ਹੇਠਾਂ ਖਾਈ ’ਚ ਜਾ ਡਿੱਗੇ। ਇਸ ਦੌਰਾਨ ਘੱਟੋ-ਘੱਟ 7 ਲੋਕ ਮਾਰੇ ਗਏ ਅਤੇ 40 ਹੋਰ ਜ਼ਖ਼ਮੀ ਹੋ ਗਏ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ’ਤੇ ਪਹੁੰਚੀ ਪੁਲਿਸ ਦੀ ਟੀਮ ਨੇ ਜ਼ਖ਼ਮੀਆਂ ਨੂੰ ਬਚਾਉਣ ਲਈ ਮਨੁੱਖੀ ਚੇਨ ਬਣਾਈ ਅਤੇ ਨੇੜਲੇ ਹਸਪਤਾਲਾਂ ਵਿੱਚ ਪਹੁੰਚਾਇਆ। ਪੁਲਿਸ ਮੁਤਾਬਕ ਮਰਨ ਵਾਲਿਆਂ ’ਚ ਤਿੰਨ ਕਾਰ ਸਵਾਰ ਅਤੇ ਚਾਰ ਬੱਸ ਸਵਾਰ ਸ਼ਾਮਿਲ ਹਨ।
ਘਟਨਾ ਦੀ ਜਾਣਕਾਰੀ ਦਿੰਦੇ ਹੋਏ ਇਟਾਵਾ ਦੇ ਸੀਨੀਅਰ ਪੁਲਸ ਸੁਪਰਡੈਂਟ (ਐੱਸਐੱਸਪੀ) ਸੰਜੇ ਵਰਮਾ ਨੇ ਦੱਸਿਆ ਫਿਲਹਾਲ ਹਾਦਸੇ ਦੇ ਸਹੀ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ। ਪ੍ਰਸ਼ਾਸਨਿਕ ਅਧਿਕਾਰੀ ਜ਼ਖਮੀਆਂ ਦੇ ਇਲਾਜ ਅਤੇ ਸਹਾਇਤਾ ਦੀ ਨਿਗਰਾਨੀ ਕਰ ਰਹੇ ਹਨ। ਹਾਲਾਂਕਿ ਸ਼ੁਰੂਆਤੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਇਹ ਹਾਦਸਾ ਇਸ ਲਈ ਵਾਪਰਿਆ, ਕਿਉਂਕਿ ਕਾਰ ਦੇ ਡਰਾਈਵਰ ਨੂੰ ਨੀਂਦ ਆ ਗਈ ਅਤੇ ਉਹ ਗਲਤ ਲੇਨ ‘ਚ ਚਲਾ ਗਿਆ।