ਬਠਿੰਡਾ : ਬਠਿੰਡਾ ਦੇ ਸਿਵਲ ਏਅਰਪੋਰਟ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇੱਥੇ ਏਅਰਪੋਰਟ ਤੋਂ ਇਕ ਔਰਤ ਕੋਲੋਂ 4 ਕਾਰਤੂਸ ਬਰਾਮਦ ਕੀਤੇ ਗਏ ਹਨ। ਉਕਤ ਔਰਤ ਹਰਿਆਣਾ ਦੇ ਜ਼ਿਲ੍ਹਾ ਸਿਰਸਾ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਮੁਲਜ਼ਮ ਔਰਤ ਵਲੋਂ ਸਿਵਲ ਏਅਰਪੋਰਟ ਬਠਿੰਡਾ ਤੋਂ ਦਿੱਲੀ ਜਾਣ ਲਈ ਫਲਾਈਟ ਲਈ ਜਾਣੀ ਸੀ।
ਜਦੋਂ ਸ਼ੱਕ ਦੇ ਆਧਾਰ ‘ਤੇ ਮੁਲਜ਼ਮ ਔਰਤ ਦੇ ਸਮਾਨ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ ਤਾਂ ਬੈਗ ‘ਚ ਪਏ ਕਾਰਤੂਸ ਦੇਖ ਏਅਰਪੋਰਟ ਅਥਾਰਟੀ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਇਸ ਤੋਂ ਬਾਅਦ ਉਕਤ ਔਰਤ ਨੂੰ ਤੁਰੰਤ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ।
ਇਹ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਖ਼ਰ ਉਕਤ ਔਰਤ ਕੋਲੋਂ ਕਾਰਤੂਸ ਕਿੱਥੋਂ ਆਏ ਹਨ ਅਤੇ ਇਨ੍ਹਾਂ ਕਾਰਤੂਸਾਂ ਦਾ ਔਰਤ ਵਲੋਂ ਕੀ ਕੀਤਾ ਜਾਣਾ ਸੀ। ਫਿਲਹਾਲ ਪੁਲਸ ਵਲੋਂ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।