ਜਲਾਲਾਬਾਦ – ਬੀਤੇ ਕੱਲ੍ਹ ਜਲਾਲਾਬਾਦ ਦੇ ਬੀਡੀਪੀਓ ਦਫਤਰ ਬਾਹਰ ਹੋਈ ਵੱਡੀ ਝੜਪ ਦਰਮਿਆਨ ਗੋਲੀ ਚੱਲਣ ਦੇ ਮਾਮਲੇ ਵਿਚ ਵੱਖ ਵੱਖ ਸੰਗੀਨ ਧਰਾਵਾਂ ਤਹਿਤ ਅਕਾਲੀ ਆਗੂ ਵਰਦੇਵ ਸਿੰਘ ਨੋਨੀ ਮਾਨ, ਨਰਦੇਵ ਸਿੰਘ ਬੋਬੀ ਮਾਨ, ਹਰਪਿੰਦਰ ਸਿੰਘ ਮਾਨ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਅਤੇ 15-20 ਅਣਪਛਾਤਿਆਂ ਖਿਲਾਫ ਅਪਰਾਧਿਕ ਮੁਕੱਦਮਾ ਦਰਜ ਕੀਤਾ ਗਿਆ ਹੈ l ਬੀਡੀਪੀਓ ਦਫਤਰ ਮੂਹਰੇ ਹੋਈ ਝੜਪ ਵਿੱਚ ਮਨਦੀਪ ਸਿੰਘ ਬਰਾੜ ਵਾਸੀ ਮੁਹੰਮਦ ਵਾਲਾ ਦੀ ਛਾਤੀ ‘ਚ ਗੋਲੀ ਲੱਗੀ ਸੀ ਅਤੇ ਰਜੇਸ਼ ਕੁਮਾਰ ਪੁੱਤਰ ਤਿਲਕ ਰਾਜ ਵਾਸੀ ਕਾਹਨੇਵਾਲਾ ਜ਼ਖਮੀ ਹੋ ਗਿਆ l
ਜਾਣਕਾਰੀ ਅਨੁਸਾਰ ਪੰਚਾਇਤੀ ਚੋਣਾਂ ਕਾਰਨ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਬਾਅਦ ਇਤਰਾਜ਼ ਲਗਾਏ ਜਾਣੇ ਸਨ, ਜਿਸ ਕਾਰਨ ਅਕਾਲੀ ਦਲ ਦੇ ਆਗੂ ਨੋਨੀ ਮਾਨ ਅਤੇ ਬੌਬੀ ਮਾਨ ਆਪਣੇ ਸਮਰਥਕਾਂ ਸਮੇਤ ਬੀਡੀਪੀਓ ਦਫ਼ਤਰ ਪੁੱਜੇ ਸਨ ਅਤੇ ਇਸ ਦੌਰਾਨ ਆਮ ਆਦਮੀ ਪਾਰਟੀ ਦੇ ਵਰਕਰ ਵੀ ਮੌਜੂਦ ਸਨ। ਉਥੇ ਹੀ ਪਿੰਡ ਮੁਹੰਮਦੇ ਵਾਲਾ ਤੋਂ ਸਰਪੰਚ ਉਮੀਦਵਾਰ ਮਨਦੀਪ ਬਰਾੜ ਅਤੇ ਮਾਨ ਗਰੁੱਪ ਦੇ ਲੋਕਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ, ਦੇਖਦੇ ਹੀ ਦੇਖਦੇ ਇਹ ਵਿਵਾਦ ਝਗੜੇ ਵਿੱਚ ਤਬਦੀਲ ਹੋ ਗਿਆ। ਇਸ ਝਗੜੇ ਦੌਰਾਨ ਫਾਈਰਿੰਗ ਹੋਈ। ਫਾਈਰਿੰਗ ਦੌਰਾਨ ਆਪ ਦੇ ਸਰਪੰਚ ਉਮੀਦਵਾਰ ਮਨਦੀਪ ਬਰਾੜ ਦੀ ਛਾਤੀ ਵਿੱਚ ਗੋਲੀ ਵੱਜੀ। ਜਿਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਇਲਾਜ ਲਈ ਲਿਆਂਦਾ ਗਿਆ।