ਹਰਿਆਣਾ ਦੇ ਹਿਸਾਰ ਵਿੱਚ ਇੱਕ ਸਰਕਾਰੀ ਸਿਹਤ ਯੂਨੀਵਰਸਿਟੀ ਨੇ ਇੱਕ ਬਾਂਦਰ ਦਾ ਮੋਤੀਆਬਿੰਦ ਦਾ ਸਫਲ ਆਪ੍ਰੇਸ਼ਨ ਕੀਤਾ ਹੈ। ਬਿਜਲੀ ਦੇ ਝਟਕਿਆਂ ਨਾਲ ਝੁਲਸਣ ਤੋਂ ਬਾਅਦ ਬਾਂਦਰ ਦੀ ਅੱਖਾਂ ਦੀ ਰੋਸ਼ਨੀ ਚਲੀ ਗਈ ਸੀ। ਲਾਲਾ ਲਾਜਪਤ ਰਾਏ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਮੁਤਾਬਕ ਹਰਿਆਣਾ ਵਿੱਚ ਪਹਿਲੀ ਵਾਰ ਇੱਕ ਬਾਂਦਰ ‘ਤੇ ਮੋਤੀਆਬਿੰਦ ਦਾ ਸਫਲ ਆਪ੍ਰੇਸ਼ਨ ਕੀਤਾ ਗਿਆ ਹੈ।
ਲੁਵਾਸ ਵਿਖੇ ‘ਵੈਟਰਨਰੀ ਸਰਜਰੀ ਅਤੇ ਰੇਡੀਓਲੋਜੀ’ ਵਿਭਾਗ ਦੇ ਮੁਖੀ ਆਰ.ਐਨ.ਚੌਧਰੀ ਨੇ ਦੱਸਿਆ ਕਿ ਬਿਜਲੀ ਦੇ ਝਟਕੇ ਕਾਰਨ ਬੁਰੀ ਤਰ੍ਹਾਂ ਝੁਲਸੇ ਇੱਕ ਬਾਂਦਰ ਨੂੰ ਪਸ਼ੂ ਪ੍ਰੇਮੀ ਮੁਨੀਸ਼ ਕੈਂਪਸ ਵਿੱਚ ਲੈ ਕੇ ਆਇਆ ਸੀ। ਚੌਧਰੀ ਨੇ ਦੱਸਿਆ ਕਿ ਸ਼ੁਰੂ ਵਿੱਚ ਬਾਂਦਰ ਬੁਰੀ ਤਰ੍ਹਾਂ ਝੁਲਸ ਜਾਣ ਕਾਰਨ ਤੁਰ-ਫਿਰ ਵੀ ਨਹੀਂ ਸਕਦਾ ਸੀ। ਕਈ ਦਿਨਾਂ ਦੀ ਦੇਖਭਾਲ ਅਤੇ ਇਲਾਜ ਤੋਂ ਬਾਅਦ ਉਸਨੇ ਤੁਰਨਾ ਸ਼ੁਰੂ ਕਰ ਦਿੱਤਾ।
ਇਸ ਤੋਂ ਬਾਅਦ ਪਤਾ ਲੱਗਿਆ ਕਿ ਬਾਂਦਰ ਦੇਖਣ ਤੋਂ ਵੀ ਅਸਮਰੱਥ ਹੋ ਗਿਆ ਹੈ। ਫਿਰ ਬਾਂਦਰ ਨੂੰ ਇਲਾਜ ਲਈ ਲੁਵਾਸ ਦੇ ਸਰਜਰੀ ਵਿਭਾਗ ਵਿੱਚ ਲਿਆਂਦਾ ਗਿਆ। ਇਸ ਦੌਰਾਨ ਯੂਨੀਵਰਸਿਟੀ ਦੇ ਐਨੀਮਲ ਆਈ ਯੂਨਿਟ ਵਿੱਚ ਡਾਕਟਰ ਪ੍ਰਿਅੰਕਾ ਦੁੱਗਲ ਵੱਲੋਂ ਜਾਂਚ ਕੀਤੀ ਗਈ। ਜਾਂਚ ਤੋਂ ਬਾਅਦ ਸਾਹਮਣੇ ਆਇਆ ਕਿ ਬਾਂਦਰ ਦੀਆਂ ਦੋਵੇਂ ਅੱਖਾਂ ਵਿੱਚ ਚਿੱਟਾ ਮੋਤੀਆ ਬਣ ਗਿਆ ਹੈ। ਇਸ ਦੇ ਨਾਲ ਹੀ ਚੌਧਰੀ ਨੇ ਦੱਸਿਆ ਕਿ ਸਰਜਰੀ ਤੋਂ ਬਾਅਦ ਹੁਣ ਬਾਂਦਰ ਦੇਖਣ ਦੇ ਯੋਗ ਹੋ ਗਿਆ ਹੈ।