ਇੰਟਰਨੈਸ਼ਨਲ – ਹਾਲੇ ਕੁਝ ਦੇਰ ਪਹਿਲਾਂ ਹੀ ਈਰਾਨ-ਇਜ਼ਰਾਈਲ ਵਿਚਾਲੇ ਸੀਜ਼ਫਾਇਰ ਦੀ ਖ਼ਬਰ ਸਾਹਮਣੇ ਆਈ ਸੀ, ਜਿਸ ਦੀ ਪੁਸ਼ਟੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕੀਤੀ ਸੀ। ਹੁਣ ਇਸ ਤੋਂ ਕੁਝ ਘੰਟੇ ਬਾਅਦ ਹੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਈਰਾਨ ਨੇ ਇਸ ਜੰਗਬੰਦੀ ਦੀ ਉਲੰਘਣਾ ਕਰਦੇ ਹੋਏ ਇਕ ਵਾਰ ਫ਼ਿਰ ਤੋਂ ਇਜ਼ਰਾਈਲ ‘ਤੇ ਵੱਡਾ ਮਿਜ਼ਾਈਲ ਹਮਲਾ ਕੀਤਾ ਹੈ।
ਜਾਣਕਾਰੀ ਦਿੰਦੇ ਹੋਏ ਇਜ਼ਰਾਈਲ ਦੇ ਰੱਖਿਆ ਮੰਤਰੀ ਇਜ਼ਰਾਈਲ ਕਾਟਜ਼ ਨੇ ਦੱਸਿਆ ਕਿ ਤਹਿਰਾਨ ਨੇ ਸੀਜ਼ਫਾਇਰ ਤੋੜਿਆ ਹੈ ਤੇ ਇਜ਼ਰਾਈਲ ‘ਤੇ ਮੁੜ ਮਿਜ਼ਾਈਲਾਂ ਦਾਗੀਆਂ ਹਨ, ਜਿਸ ਮਗਰੋਂ ਹੁਣ ਇਜ਼ਰਾਈਲ ਵੀ ਈਰਾਨ ਦੀ ਇਸ ਕਾਰਵਾਈ ਦਾ ਮੂੰਹਤੋੜ ਜਵਾਬ ਦੇਵੇਗਾ।
ਦੱਸਿਆ ਜਾ ਰਿਹਾ ਹੈ ਕਿ ਈਰਾਨੀ ਹਮਲੇ ਮਗਰੋਂ ਇਜ਼ਰਾਈਲ ‘ਚ ਇਕ ਵਾਰ ਫਿਰ ਤੋਂ ਸਾਇਰਨ ਵੱਜ ਗਏ ਤੇ ਲੋਕਾਂ ਨੂੰ ਦੁਬਾਰਾ ਸੁਰੱਖਿਅਤ ਥਾਵਾਂ ‘ਤੇ ਸ਼ਰਨ ਲੈਣ ਦੀ ਅਪੀਲ ਕੀਤੀ ਗਈ ਹੈ। ਉੱਥੇ ਹੀ ਈਰਾਨ ਨੇ ਇਜ਼ਰਾਈਲ ‘ਤੇ ਕਿਸੇ ਵੀ ਤਰ੍ਹਾਂ ਦੇ ਹਮਲੇ ਤੇ ਸੀਜ਼ਫਾਇਰ ਦੇ ਉਲੰਘਣ ਤੋਂ ਇਨਕਾਰ ਕੀਤਾ ਹੈ। ਹੁਣ ਦੋਵਾਂ ‘ਚੋਂ ਕਿਹੜੀ ਗੱਲ ਸੱਚ ਹੈ, ਇਹ ਤਾਂ ਕੁਝ ਸਮੇਂ ‘ਚ ਸਾਫ਼ ਹੋ ਹੀ ਜਾਵੇਗਾ।