ਲੁਧਿਆਣਾ/ਚੰਡੀਗੜ੍ਹ/ਨਵੀਂ ਦਿੱਲੀ -ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਫਤਿਹਗੜ੍ਹ ਸਾਹਿਬ ਦੇ ਸੰਸਦ ਮੈਂਬਰ ਡਾ. ਅਮਰ ਸਿੰਘ ਵੱਲੋਂ ਪੰਜਾਬ ਦੇ ਆਰਥਿਕ ਅਤੇ ਉਦਯੋਗਿਕ ਵਿਕਾਸ ਨੂੰ ਮਜ਼ਬੂਤ ਕਰਨ ਦੇ ਮਕਸਦ ਨਾਲ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਕਿੰਜਰਾਪੁ ਰਾਮ ਮੋਹਨ ਨਾਇਡੂ ਨਾਲ ਮੁਲਾਕਾਤ ਕਰਕੇ ਲੁਧਿਆਣਾ ਜ਼ਿਲ੍ਹੇ ਦੇ ਹਲਵਾਰਾ ਵਿਚ ਬਣਾ ਰਹੇ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਪ੍ਰਾਜੈਕਟ ਨੂੰ ਜਲਦ ਪੂਰਾ ਕਰਨ ਦੀ ਮੰਗ ਨੂੰ ਪ੍ਰਮੁੱਖਤਾ ਨਾਲ ਉਠਾਇਆ।
ਭਾਰਤੀ ਹਵਾਈ ਫੌਜ ਸਟੇਸ਼ਨ ਹਲਵਾਰਾ ਨੂੰ ਅੰਤਰਰਾਸ਼ਟਰੀ ਨਾਗਰਿਕ ਟਰਮੀਨਲ ਵਿਚ ਬਦਲਣਾ ਇਕ ਅਤਿ-ਅਨੁਮਾਨਿਤ ਪ੍ਰਾਜੈਕਟ ਰਿਹਾ ਹੈ, ਜਿਸ ਦਾ ਮਕਸਦ ਲੁਧਿਆਣਾ ਦੀ ਕਨੈਕਟੀਵਿਟੀ ਨੂੰ ਘਰੇਲੂ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਵਧਾਉਣਾ ਹੈ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਵਿਚ ਢੁਕਵੀਂ ਤਰੱਕੀ ਦੇ ਬਾਵਜੂਦ, ਪ੍ਰਾਜੈਕਟ ਨੂੰ ਕਈ ਵਾਰ ਦੇਰੀ ਦਾ ਸਾਹਮਣਾ ਕਰਨਾ ਪਿਆ, ਜੋ ਸਮਾਂ ਹੱਦ 31 ਜੁਲਾਈ ਤੱਕ ਪੂਰੀ ਹੋ ਚੁੱਕੀ ਹੈ। ਰਾਜਾ ਵੜਿੰਗ ਨੇ ਕਿਹਾ ਕਿ ਮਹਾਨਗਰ ਲੁਧਿਆਣਾ, ਜੋ ਕਿ ਪੰਜਾਬ ਅਤੇ ਉੱਤਰ ਭਾਰਤ ਦਾ ਆਰਥਿਕ ਕੇਂਦਰ ਹੈ, ਦੇ ਉਦਯੋਗਾਂ ਦਾ ਸਮਰਥਨ ਕਰਨ ਲਈ ਬਿਹਤਰ ਹਵਾਈ ਕਨੈਕਟੀਵਿਟੀ ਦੀ ਬੇਹੱਦ ਲੋੜ ਹੈ।
ਵੜਿੰਗ ਨੇ ਅੱਗੇ ਕਿਹਾ ਕਿ ਹਲਵਾਰਾ ਹਵਾਈ ਅੱਡੇ ਦੇ ਸੰਚਾਲਨ ਨਾਲ ਪੰਜਾਬੀ ਪ੍ਰਵਾਸੀ ਭਾਈਚਾਰੇ ਨੂੰ ਸੂਬੇ ਤੋਂ ਬਾਹਰੋਂ ਅੰਤਰਰਾਸ਼ਟਰੀ ਹਵਾਈ ਅੱਡਿਆਂ ਦਾ ਸਫਰ ਕਰਨ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਕਾਂਗਰਸ ਦੇ ਦੋਵੇਂ ਸੰਸਦ ਮੈਂਬਰਾਂ ਨੇ ਹਲਵਾਰਾ ਹਵਾਈ ਅੱਡੇ ਦਾ ਨਾਂ ਮਹਾਨ ਆਜ਼ਾਦੀ ਘੁਲਾਟੀਏ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂ ’ਤੇ ਰੱਖਣ ਦੇ ਪੰਜਾਬ ਦੇ ਪ੍ਰਸਤਾਵ ਦਾ ਵੀ ਸਮਰਥਨ ਕੀਤਾ ਕਿਉਂਕਿ ਹਲਵਾਰਾ ਸਰਾਭਾ ਪਿੰਡ ਦੇ ਕੋਲ ਹੈ, ਜਿਥੇ ਸ਼ਹੀਦ ਦਾ ਜਨਮ ਹੋਇਆ ਸੀ।