ਫਿਰੋਜ਼ਪੁਰ : ਇਕ ਵਿਅਕਤੀ ਨੂੰ ਰੋਮਾਨੀਆਂ ਭੇਜਣ ਦਾ ਝਾਂਸਾ ਦੇ ਕੇ ਕਥਿਤ ਰੂਪ ’ਚ ਇਕ ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਨੇ ਦਵਿੰਦਰ ਸਿੰਘ ਪੁੱਤਰ ਸੁਰਿੰਦਰ ਸਿੰਘ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਲਖਵਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਯੋਗਰਾਜ ਸਿੰਘ ਵਾਸੀ ਮੱਖੂ ਨੇ ਪੁਲਸ ਅਧਿਕਾਰੀਆਂ ਨੂੰ ਲਿਖ਼ਤੀ ਸ਼ਿਕਾਇਤ ਅਤੇ ਬਿਆਨ ਦਿੱਤੇ ਹਨ ਕਿ ਨਾਮਜ਼ਦ ਵਿਅਕਤੀ ਨੇ ਉਸ ਨੂੰ ਰੋਮਾਨੀਆ ਭੇਜਣ ਦੇ ਬਹਾਨੇ ਉਸ ਪਾਸੋਂ ਇਕ ਲੱਖ ਰੁਪਏ ਲਏ ਸਨ ਪਰ ਨਾ ਤਾਂ ਉਸ ਨੂੰ ਰੋਮਾਨੀਆ ਭੇਜਿਆ ਗਿਆ ਹੈ ਅਤੇ ਨਾ ਹੀ ਉਸ ਤੋਂ ਲਏ ਪੈਸੇ ਵਾਪਸ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਨਾਮਜ਼ਦ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।