ਲੁਧਿਆਣਾ–ਲੁਧਿਆਣਾ ਦੇ ਇਕ ਵੱਡੇ ਡਾਕਟਰ ਨੂੰ ਸਾਈਬਰ ਠੱਗਾਂ ਨੇ ਆਪਣਾ ਨਿਸ਼ਾਨਾ ਬਣਾਇਆ ਹੈ। ਉਸ ਨੂੰ ਜਾਅਲੀ ਸੀ.ਬੀ.ਆਈ. ਅਫ਼ਸਰ ਬਣ ਕੇ ਮਨੀ ਲਾਂਡਰਿੰਗ ਅਤੇ ਮਨੁੱਖੀ ਤਸਕਰੀ ਦੇ ਕੇਸ ਵਿਚ ਫਸਾਉਣ ਦਾ ਡਰਾਵਾ ਦੇ ਕੇ 16 ਲੱਖ ਰੁਪਏ ਟ੍ਰਾਂਸਫਰ ਕਰਵਾ ਲਏ। ਜਦੋਂ ਡਾਕਟਰ ਨੂੰ ਧੋਖਾਧੜੀ ਦਾ ਪਤਾ ਲੱਗਿਆ ਤਾਂ ਉਸ ਨੇ ਪੁਲਸ ਕਮਿਸ਼ਨਰ ਨੂੰ ਇਸ ਦੀ ਸ਼ਿਕਾਇਤ ਦਿੱਤੀ। ਇਸ ਮਗਰੋਂ ਸਾਈਬਰ ਥਾਣੇ ਦੀ ਪੁਲਸ ਨੇ ਇਸ ਦੀ ਜਾਂਚ ਕੀਤੀ ਅਤੇ ਡਾਕਟਰ ਸੁਮੀਤ ਪਾਲ ਦੀ ਸ਼ਿਕਾਇਤ ‘ਤੇ ਰਾਜਸਥਾਨ ਦੇ ਜ਼ਿਲ੍ਹਾ ਅਜਮੇਰ ਦੇ ਰਹਿਣ ਵਾਲੇ ਮੁਲਜ਼ਮ ਰਵੀ ਸ਼ਰਮਾ ਦੇ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਜਾਣਕਾਰੀ ਮੁਤਾਬਕ ਡਾ. ਸੁਮੀਤ ਪਾਲ ਢੱਲ ਨੂੰ ਕੁਝ ਮਹੀਨੇ ਪਹਿਲਾਂ ਇਕ ਫ਼ੋਨ ਆਇਆ ਸੀ। ਫ਼ੋਨ ਕਰਨ ਵਾਲਾ ਖ਼ੁਦ ਨੂੰ ਸੀ.ਬੀ.ਆਈ. ਦਾ ਵੱਡਾ ਅਫ਼ਸਰ ਦੱਸ ਰਿਹਾ ਸੀ। ਮੁਲਜ਼ਮ ਨੇ ਡਾਕਟਰ ਤੋਂ ਕਿਹਾ ਕਿ ਤੁਸੀਂ ਇਕ ਪਾਰਸਲ ਜੋਹਨ ਡੈਵਿਸ ਨੂੰ ਭੇਜਿਆ ਹੈ। ਉਸ ਨੂੰ ਸੀ.ਬੀ.ਆਈ. ਨੇ ਜ਼ਬਤ ਕਰ ਕੇ ਸੰਜੇ ਪਾਟਿਲ ਨਾਂ ਦੇ ਵਿਅਕਤੀ ਨੂੰ ਕਾਬੂ ਕੀਤਾ ਹੈ। ਉਸ ਤੋਂ ਪੁੱਛਗਿੱਛ ਵਿਚ ਸਾਹਮਣੇ ਆਇਆ ਹੈ ਕਿ ਉਸ ਨੇ ਉਸ ਦੇ ਖਾਤੇ ਵਿਚ ਸਾਢੇ 3 ਕਰੋੜ ਰੁਪਏ ਟ੍ਰਾਂਸਫਰ ਕੀਤੇ ਹਨ। ਮੁਲਜ਼ਮ ਨੇ ਡਾਕਟਰ ਨੂੰ ਡਰਾਇਆ ਕਿ ਇਹ ਪੈਸੇ ਮਨੀ ਲਾਂਡਰਿੰਗ ਅਤੇ ਮਨੁੱਖੀ ਤਸਕਰੀ ਦੇ ਹਨ। ਉਸ ‘ਤੇ ਕੇਸ ਦਰਜ ਹੋਵੇਗਾ। ਅਜਿਹਾ ਡਰਾ ਧਮਕਾ ਕੇ ਡਾਕਟਰ ਤੋਂ 16 ਲੱਖ ਰੁਪਏ ਠੱਗ ਕੇ ਧੋਖਾਧੜੀ ਕੀਤੀ ਹੈ।