ਨਵੀਂ ਦਿੱਲੀ/ਚੰਡੀਗੜ੍ਹ : ਦਿੱਲੀ ਵਿਧਾਨ ਸਭਾ ਦੇ ਚੋਣ ਨਤੀਜਿਆਂ ਦਾ ਐਲਾਨ ਹੋ ਰਿਹਾ ਹੈ। ਇਸ ਵਿਚਾਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਨ ਲਈ ਪਹੁੰਚ ਗਏ ਹਨ। ਇਸ ਮੁਲਾਕਾਤ ਮਗਰੋਂ ਉਹ ਮੀਡੀਆ ਦੇ ਰੂ-ਬ-ਰੂ ਵੀ ਹੋ ਸਕਦੇ ਹਨ। ਹੁਣ ਤਕ ਦੇ ਨਤੀਜਿਆਂ ਤੇ ਰੁਝਾਨਾਂ ਵਿਚ ਭਾਰਤੀ ਜਨਤਾ ਪਾਰਟੀ ਜਿੱਤਦੀ ਨਜ਼ਰ ਆ ਰਹੀ ਹੈ।
ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਦਿੱਲੀ ਦੀਆਂ 70 ਸੀਟਾਂ ਵਿਚੋਂ ਹੁਣ ਤਕ 21 ਸੀਟਾਂ ‘ਤੇ ਨਤੀਜਿਆਂ ਦਾ ਐਲਾਨ ਕੀਤਾ ਗਿਆ ਹੈ, ਜਿਸ ਵਿਚੋਂ 11 ‘ਤੇ ਭਾਜਪਾ ਅਤੇ 10 ‘ਤੇ ਆਮ ਆਦਮੀ ਪਾਰਟੀ ਜੇਤੂ ਰਹੀ ਹੈ। ਹਾਲਾਂਕਿ ਬਾਕੀ ਸੀਟਾਂ ਦੇ ਰੁਝਾਨਾਂ ਵਿਚ ਭਾਰਤੀ ਜਨਤਾ ਪਾਰਟੀ 37 ਸੀਟਾਂ ‘ਤੇ ਅੱਗੇ ਚੱਲ ਰਹੀ ਹੈ। 12 ਸੀਟਾਂ ‘ਤੇ ਆਮ ਆਦਮੀ ਪਾਰਟੀ ਦਾ ਪਲੜਾ ਭਾਰੀ ਹੈ। ‘ਆਪ’ ਸੁਪਰੀਮੋ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਨਵੀਂ ਦਿੱਲੀ ਹਲਕੇ ਤੋਂ ਚੋਣ ਹਾਰ ਗਏ ਹਨ। ਮੁੱਖ ਮੰਤਰੀ ਆਤਿਸ਼ੀ ਕਾਲਕਾ ਜੀ ਹਲਕੇ ਤੋਂ ਜੇਤੂ ਰਹੀ ਹੈ।