10 ਜੁਲਾਈ ਦੀਆਂ ਜਲੰਧਰ ਪੱਛਮੀ ਜ਼ਿਮਨੀ ਚੋਣਾਂ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਲੰਧਰ ’ਚ ਹੀ ਕਿਰਾਏ ’ਤੇ ਘਰ ਲਿਆ ਹੈ। ਇਸ ਵਿਚਾਲੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਸੱਚਖੰਡ ਡੇਰਾ ਬੱਲਾਂ ਪਹੁੰਚੇ। ਜਿੱਥੇ ਉਨ੍ਹਾਂ ਨੇ ਮੱਥਾ ਟੇਕਿਆ ਅਤੇ ਅਸ਼ੀਰਵਾਦ ਲਿਆ। ਇਸ ਦੌਰਾਨ ਮੁੱਖ ਮੰਤਰੀ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਅਤੇ ਧੀ ਨਿਆਮਤ ਵੀ ਉਨ੍ਹਾਂ ਦੇ ਨਾਲ ਮੌਜੂਦ ਰਹੇ। ਉਨ੍ਹਾਂ ਨੇ ਵੀ ਮੱਥਾ ਟੇਕ ਕੇ ਸੰਤ ਨਿਰੰਜਨ ਦਾਸ ਜੀ ਤੋਂ ਅਸ਼ੀਰਵਾਦ ਲਿਆ।
ਤੁਹਾਨੂੰ ਦੱਸ ਦਈਏ ਕਿ ਸੀਐੱਮ ਭਗਵੰਤ ਮਾਨ ਆਪਣੇ ਪਰਿਵਾਰ ਸਮੇਤ ਜਲੰਧਰ ‘ਚ ਕਿਰਾਏ ਦੇ ਮਕਾਨ ‘ਚ ਸ਼ਿਫਟ ਹੋ ਗਏ ਹਨ। ਜਲੰਧਰ ਵੈਸਟ ਦੀ ਜ਼ਿਮਨੀ ਚੋਣ ਲਈ ਮੁੱਖ ਮੰਤਰੀ ਨੇ ਸ਼ਹਿਰ ਦੇ ਦੀਪ ਨਗਰ ‘ਚ ਮਕਾਨ ਕਿਰਾਏ ‘ਤੇ ਲਿਆ ਹੈ। ਜਾਣਕਾਰੀ ਮੁਤਾਬਕ ਮੁੱਖ ਮੰਤਰੀ ਜ਼ਿਮਨੀ ਚੋਣਾਂ ‘ਚ ਜਿੱਤ ਯਕੀਨੀ ਬਣਾਉਣ ਲਈ ਰਣਨੀਤੀ ਬਣਾ ਰਹੇ ਹਨ। ਚੋਣਾਂ ਤੋਂ ਬਾਅਦ ਸੀ.ਐਮ. ਦਾ ਘਰ ਦਫ਼ਤਰ ਵਜੋਂ ਇਸਤੇਮਾਲ ਕੀਤਾ ਜਾਵੇਗਾ ਅਤੇ ਉਹ ਹਫ਼ਤੇ ਵਿੱਚ 2 ਤੋਂ 3 ਦਿਨ ਇੱਥੇ ਰਿਹਾ ਕਰਨਗੇ। ਇਸ ਦੌਰਾਨ ਜਲੰਧਰ ਅਤੇ ਆਸ-ਪਾਸ ਦੇ ਇਲਾਕਿਆਂ ਦੇ ਲੋਕਾਂ ਨੂੰ ਚੰਡੀਗੜ੍ਹ ਜਾਣ ਦੀ ਲੋੜ ਨਹੀਂ ਪਵੇਗੀ। ਲੋਕਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਇੱਥੇ ਹੀ ਸਿੱਧੇ ਤੌਰ ’ਤੇ ਹੱਲ ਕੀਤਾ ਜਾਇਆ ਕਰੇਗਾ।