ਚੰਡੀਗੜ੍ਹ : ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਅੱਜ ਆਪਣਾ ਤੀਜਾ ਬਜਟ ਪੇਸ਼ ਕੀਤਾ ਜਾ ਰਿਹਾ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅੱਜ 11 ਵਜੇ ਪੰਜਾਬ ਵਿਧਾਨ ਸਭਾ ਵਿਚ ਬਜਟ ਪੇਸ਼ ਕਰਨਗੇ। ਭਰੋਸੇਯੋਗ ਸੂਤਰਾਂ ਮੁਤਾਬਕ ਬਜਟ ਵਿਚ ਪੰਜਾਬ ਦੇ ਹਰ ਪਰਿਵਾਰ ਨੂੰ ਸਿਹਤ ਗਾਰੰਟੀ ਮਿਲ ਸਕਦੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਿਹਤ ਯੋਜਨਾ ਨੂੰ ਲੈ ਕੇ ਵੱਡਾ ਐਲਾਨ ਕਰ ਸਕਦੇ ਹਨ। ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਕੀਤੇ ਜਾ ਰਹੇ ਐਲਾਨ ਮੁਤਾਬਕ ਪੰਜਾਬ ਵਿਚ ਰਹਿਣ ਵਾਲੇ ਹਰ ਪਰਿਵਾਰ ਤਕ ਇਸ ਯੋਜਨਾ ਦਾ ਫਾਇਦਾ ਪਹੁੰਚੇਗਾ। ਹਰ ਪਰਿਵਾਰ ਨੂੰ ਇਸ ਯੋਜਨਾ ਤਹਿਤ ਲੱਖਾਂ ਰੁਪਏ ਦਾ ਫਾਇਦਾ ਹੋਵੇਗਾ।
ਬਜਟ ਪੇਸ਼ ਕਰਨ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਮੰਤਰੀ ਮੰਡਲ ਦੀ ਮੀਟਿੰਗ ਵੀ ਹੋਵੇਗੀ। ਪੰਜਾਬ ਦੇ ਲੋਕਾਂ ਨੂੰ ਅੱਜ ਦੇ ਬਜਟ ਤੋਂ ਬਹੁਤ ਉਮੀਦਾਂ ਹਨ। ਇਸ ਵਾਰ ਬਜਟ ਵਿਕਾਸ ਨੂੰ ਧਿਆਨ ਵਿਚ ਰੱਖਦਿਆਂ ਬਦਲਾਅ ‘ਤੇ ਅਧਾਰਤ ਹੋਵੇਗਾ। ਇਸ ਵਾਰ ਦੇ ਬਜਟ ਦਾ ਰੋਡਮੈਪ ‘ਬਦਲਦਾ ਪੰਜਾਬ’ ਹੈ। ਬਜਟ ਵਿਚ ਸਿੱਖਿਆ, ਸਿਹਤ ਦੇ ਨਾਲ-ਨਾਲ ਨਸ਼ਾ ਖ਼ਤਮ ਕਰਨ ‘ਤੇ ਜ਼ੋਰ ਹੋਵੇਗਾ। ਆਮ ਆਦਮੀ ਪਾਰਟੀ ਵੱਲੋਂ ਸ਼ੁਰੂ ਤੋਂ ਹੀ ਇਨ੍ਹਾਂ ਤਿੰਨਾ ਚੀਜ਼ਾਂ ਨੂੰ ਤਰਜੀਹ ਦੇਣ ਦੀ ਗੱਲ ਆਖ਼ੀ ਜਾਂਦੀ ਰਹੀ ਹੈ ਤੇ ਸਰਕਾਰ ਵੱਲੋਂ ਇਸ ਪਾਸੇ ਕਾਫ਼ੀ ਕਦਮ ਵੀ ਚੁੱਕੇ ਗਏ ਹਨ।