ਜਲੰਧਰ/ਨਵੀਂ ਦਿੱਲੀ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ 72 ਪ੍ਰਾਇਮਰੀ ਅਧਿਆਪਕਾਂ ਨੂੰ ਟ੍ਰੇਨਿੰਗ ਲਈ ਦਿੱਲੀ ਤੋਂ ਫਿਨਲੈਂਡ ਲਈ ਰਵਾਨਾ ਕੀਤਾ ਗਿਆ। ਇਸ ਮੌਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੀ ਮੌਜੂਦ ਸਨ। ਇਹ ਸਾਰੇ ਅਧਿਆਪਕ ਤਿੰਨ ਹਫ਼ਤੇ ਤੁਰਕੂ ਯੂਨੀਵਰਸਿਟੀ ਤੋਂ ਟ੍ਰੇਨਿੰਗ ਲੈਣਗੇ। ਫਿਨਲੈਂਡ ਲਈ ਰਵਾਨਾ ਹੋਣ ਤੋਂ ਪਹਿਲਾਂ ਅਧਿਆਪਕਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨਾਲ ਆਪਣੇ ਤਜ਼ਰਬੇ ਦੀਆਂ ਗੱਲਾਂ ਸਾਂਝੀਆਂ ਵੀ ਕੀਤੀਆਂ ਗਈਆਂ।
ਦਿੱਲੀ ਦੇ ਪੰਜਾਬ ਭਵਨ ਤੋਂ ਆਪਣੇ ਸੰਬੋਧਨ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਬੜੀ ਖ਼ੁਸ਼ੀ ਹੈ ਕਿ ਅੱਜ 72 ਅਧਿਆਪਕ ਟ੍ਰੇਨਿੰਗ ਲਈ ਫਿਨਲੈਂਡ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੇਰੀ ਇੱਛਾ ਹੈ ਕਿ ਮੈਂ ਗ਼ਰੀਬਾਂ ਦੀ ਮਜਬੂਰੀ ਨੂੰ ਮਰਜ਼ੀ ਵਿਚ ਬਦਲਾ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਵਿਚ ਸਰਕਾਰੀ ਸਕੂਲ ਇੰਨੇ ਸ਼ਾਨਦਾਰ ਬਣਾਵਾਂਗੇ ਕਿ ਮਾਪਿਆਂ ਦੀ ਮਰਜ਼ੀ ਹੋਵੇ ਕਿ ਉਹ ਆਪਣੇ ਬੱਚਿਆਂ ਨੂੰ ਭਾਵੇਂ ਨਿੱਜੀ ਸਕੂਲ ਵਿਚ ਪੜ੍ਹਾਉਣ ਜਾਂ ਸਰਕਾਰੀ ਵਿਚ। ਫਰਕ ਇੰਨਾ ਹੋਵੇਗਾ ਕਿ ਨਿੱਜੀ ਸਕੂਲਾਂ ਵਿਚ ਪੈਸੇ ਲੱਗਣੇ ਹਨ ਅਤੇ ਸਰਕਾਰੀ ਸਕੂਲਾਂ ਵਿਚ ਫ਼ੀਸ ਫਰੀ ਹੋਵੇਗੀ। ਦਿੱਲੀ ਮਾਡਲ ਬਾਰੇ ਗੱਲਬਾਤ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਦੇਸ਼ ਵਿਚ ਪਹਿਲੀ ਵਾਰ ਹੋਇਆ ਹੈ ਕਿ ਸਿੱਖਿਆ ਕ੍ਰਾਂਤੀ ਹੋਈ ਹੈ। ਸਾਡਾ ਮਕਸਦ ਸਕੂਲਾਂ ਨੂੰ ਸ਼ਾਨਦਾਰ ਬਣਾਉਣਾ ਹੈ। ਅਸੀਂ ਪੰਜਾਬ ਦੇ ਸਕੂਲਾਂ ਨੂੰ ਸ਼ਾਨਦਾਰ ਬਣਾਵਾਂਗੇ।