ਇਸਲਾਮਾਬਾਦ : ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨੇ ਸ਼ੁੱਕਰਵਾਰ ਨੂੰ ਪਾਕਿਸਤਾਨ ਦੇ ਫੌਜ ਮੁਖੀ ਅਸੀਮ ਮੁਨੀਰ ਨਾਲ ਮੁਲਾਕਾਤ ਕੀਤੀ ਤੇ ਖੇਤਰੀ ਸੁਰੱਖਿਆ, ਅੱਤਵਾਦ ਵਿਰੋਧੀ ਉਪਾਵਾਂ ਤੇ ਆਪਸੀ ਹਿੱਤ ਦੇ ਮਾਮਲਿਆਂ ‘ਤੇ ਚਰਚਾ ਕੀਤੀ। ਵਾਂਗ ਬੁੱਧਵਾਰ ਨੂੰ ਇਸਲਾਮਾਬਾਦ ‘ਚ ਵਿਦੇਸ਼ ਮੰਤਰੀਆਂ ਦੀ ਰਣਨੀਤਕ ਗੱਲਬਾਤ ਦੇ ਛੇਵੇਂ ਦੌਰ ਵਿੱਚ ਸ਼ਾਮਲ ਹੋਣ ਲਈ ਪਾਕਿਸਤਾਨ ਪਹੁੰਚੇ। ਉਨ੍ਹਾਂ ਨੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਅਤੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨਾਲ ਵੀ ਮੁਲਾਕਾਤ ਕੀਤੀ ਅਤੇ ਖੇਤਰੀ ਸ਼ਾਂਤੀ, ਵਿਕਾਸ ਅਤੇ ਸਥਿਰਤਾ ਨੂੰ ਉਤਸ਼ਾਹਿਤ ਕਰਨ ਲਈ ਪਾਕਿਸਤਾਨ ਨਾਲ ਕੰਮ ਕਰਨ ਦੀ ਚੀਨ ਦੀ ਵਚਨਬੱਧਤਾ ਨੂੰ ਦੁਹਰਾਇਆ।
ਪਾਕਿਸਤਾਨ ਫੌਜ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ‘ਚ ਕਿਹਾ ਕਿ ਚੀਨ ਨੇ ਪਾਕਿਸਤਾਨ ਦੀ ਪ੍ਰਭੂਸੱਤਾ ਅਤੇ ਵਿਕਾਸ ਲਈ “ਦ੍ਰਿੜ ਸਮਰਥਨ” ਪ੍ਰਗਟ ਕੀਤਾ ਹੈ ਕਿਉਂਕਿ ਦੋਵੇਂ ਧਿਰਾਂ ਆਪਣੀ “ਸਦਾਬਹਾਰ ਰਣਨੀਤਕ ਭਾਈਵਾਲੀ” ਨੂੰ ਮਜ਼ਬੂਤ ਕਰਨ ‘ਤੇ ਸਹਿਮਤ ਹੋਈਆਂ ਹਨ। ਇਸ ‘ਚ ਕਿਹਾ ਗਿਆ ਹੈ ਕਿ ਫੌਜ ਮੁਖੀ ਮੁਨੀਰ ਤੇ ਚੀਨੀ ਵਿਦੇਸ਼ ਮੰਤਰੀ ਵਾਂਗ ਵਿਚਕਾਰ ਚਰਚਾ ਖੇਤਰੀ ਸੁਰੱਖਿਆ, ਅੱਤਵਾਦ ਵਿਰੋਧੀ ਉਪਾਵਾਂ ਅਤੇ ਆਪਸੀ ਹਿੱਤ ਦੇ ਮਾਮਲਿਆਂ ‘ਤੇ ਕੇਂਦ੍ਰਿਤ ਸੀ। ਮੁਨੀਰ ਨੇ ਚੀਨ ਦੇ ਨਿਰੰਤਰ ਸਮਰਥਨ ਲਈ ਧੰਨਵਾਦ ਪ੍ਰਗਟ ਕੀਤਾ। ਪਿਛਲੇ ਮਹੀਨੇ, ਮੁਨੀਰ ਨੇ ਚੀਨ ਦਾ ਦੌਰਾ ਕੀਤਾ, ਜਿੱਥੇ ਉਸਨੇ ਉਪ ਰਾਸ਼ਟਰਪਤੀ ਹਾਨ ਜ਼ੇਂਗ, ਵਾਂਗ ਅਤੇ ਉੱਚ ਫੌਜੀ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ, ਪਰ ਆਪਣੇ ਪੂਰਵਗਾਮੀ ਜਨਰਲ ਕਮਰ ਜਾਵੇਦ ਬਾਜਵਾ ਵਾਂਗ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਨਹੀਂ ਮਿਲੇ।