ਰਾਮਾਂ ਮੰਡੀ ’ਚ ਅੱਜ ਸਫ਼ਾਈ ਕਰਮਚਾਰੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਲਗਾਇਆ ਗਿਆ ਅਤੇ ਅਧਿਕਾਰੀਆਂ ਵਿਰੁੱਧ ਨਾਅਰੇਬਾਜੀ ਕੀਤੀ ਗਈ। ਦਰਅਸਲ ਦੋ ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਦੇ ਰੋਸ ਵੱਜੋਂ ਸਫ਼ਾਈ ਕਰਮਚਾਰੀਆਂ ਵੱਲੋਂ ਨਗਰ ਕੌਂਸਲ ਦਫ਼ਤਰ ’ਚ ਰੋਸ ਪ੍ਰਦਰਸ਼ਨ ਕੀਤਾ ਗਿਆ। ਧਰਨੇ ਨੂੰ ਸੰਬੋਧਨ ਕਰਦੇ ਹੋਏ ਹੋਏ ਸਫ਼ਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਨੇ ਅਧਿਕਾਰੀਆਂ ’ਤੇ ਦੋ ਮਹੀਨੇ ਤੋਂ ਤਨਖ਼ਾਹਾਂ ਨਾ ਦੇਣ ਦੇ ਇਲਜ਼ਾਮ ਲਗਾਏ। ਇਸ ਦੇ ਨਾਲ ਹੀ ਕੱਚੇ ਕਰਮਚਾਰੀਆਂ ਨੂੰ ਘੱਟ ਤਨਖ਼ਾਹ ਦੇਣ ਦੀ ਗੱਲ ਵੀ ਕਹੀ ਗਈ। ਮੰਗਾਂ ਬਾਰੇ ਜਾਣਕਾਰੀ ਦਿੰਦਿਆਂ ਪ੍ਰਧਾਨ ਰਾਜ ਕੁਮਾਰ ਨੇ ਕਿਹਾ ਕਿ ਤਨਖ਼ਾਹਾਂ ਦੇ ਨਾਲ-ਨਾਲ ਕਰਮਚਾਰੀਆਂ ਦਾ ਪੀਐੱਫ ਅਤੇ ਈਪੀਐੱਫ ਵੀ ਜਮ੍ਹਾਂ ਨਹੀਂ ਕਰਵਾਇਆ ਗਿਆ, ਇਸੇ ਦੇ ਰੋਸ ਵੱਜੋਂ ਹੀ ਮਜਬੂਰੀ ’ਚ ਸਫ਼ਾਈ ਕਰਮਚਾਰੀਆਂ ਨੂੰ ਧਰਨਾ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਫ਼ਾਈ ਮੁਲਾਜ਼ਮਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਕੰਮ ਠੱਪ ਕਰ ਕੇ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਤਨਖ਼ਾਹਾਂ ਸਬੰਧੀ ਜਦੋਂ ਕਾਰਜਸਾਧਕ ਅਫ਼ਸਰ ਵਿਪਨ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਆਖਿਆ ਕਿ ਤਕਰੀਬਨ ਅੱਧੇ ਮੁਲਾਜ਼ਮਾਂ ਨੂੰ ਤਨਖਾਹਾਂ ਦੇ ਦਿੱਤੀਆਂ ਗਈਆਂ ਹਨ। ਇਸ ਦੇ ਨਾਲ ਹੀ ਦੂਜੇ ਪਾਸੇ ਸੁਨੀਤਾ ਬਾਂਸਲ ਐੱਮਸੀ ਨੇ ਸਫ਼ਾਈ ਕਰਮਚਾਰੀਆਂ ਨੂੰ ਘੱਟ ਤਨਖ਼ਾਹਾਂ ਦਿੱਤੇ ਜਾਣ ਦਾ ਵੀ ਕਾਰਨ ਦੱਸਿਆ। ਉਨ੍ਹਾਂ ਕਿਹਾ ਕਿ ਸਕਿੱਲਡ ਅਨੁਸਾਰ ਜੋ ਤਨਖਾਹਾਂ ਨਿਯਮ ਅਨੁਸਾਰ ਬਣਦੀਆਂ ਹਨ, ਉਹ ਹੀ ਦਿੱਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਐੱਮਸੀ ਨੇ ਦੱਸਿਆ ਕਿ ਸਰਕਾਰ ਵੱਲੋਂ ਫੰਡ ਭੇਜੇ ਜਾਣ ’ਚ ਦੇਰੀ ਹੋਣ ਕਾਰਨ ਤਕਰੀਬਨ ਅੱਧੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਰੁਕੀਆਂ ਹੋਈਆਂ ਹਨ। ਫੰਡ ਆਉਂਦੇ ਹੀ ਮੁਲਾਜ਼ਮਾਂ ਦੇ ਖਾਤਿਆਂ ’ਚ ਤਨਖ਼ਾਹਾਂ ਪਾ ਦਿੱਤੀਆਂ ਜਾਣਗੀਆਂ।
ਇਸ ਦੌਰਾਨ ਧਰਨੇ ਵਿਚ ਯੂਨੀਅਨ ਦੇ ਮੀਤ ਪ੍ਰਧਾਨ ਸੰਦੀਪ ਕੁਮਾਰ ਗੋਗੀ, ਰਜਿੰਦਰ ਸਿੰਘ ਸਿੱਧੂ ਸਕੱਤਰ, ਸੋਮਨਾਥ ਅਤੇ ਕੁਲਦੀਪ ਢੱਡਾ ਦੋਵੇਂ ਸਲਾਹਕਾਰ, ਅਕਾਸ਼ ਕੁਮਾਰ ਪ੍ਰੈੱਸ ਸਕੱਤਰ, ਗੌਤਮ ਸਮੇਤ ਸਮੂਹ ਸਫ਼ਾਈ ਕਰਮਚਾਰੀ ਆਦਿ ਹਾਜ਼ਰ ਰਹੇ।